Sunday, November 29, 2026
Home Patiala Updates ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ...

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ

0
4
ਪਟਿਆਲਾ, 29 ਨਵੰਬਰ 2026:
ਪੰਜਾਬ ਭਰ ਵਿੱਚੋਂ ਗੁਜ਼ਰਨ ਵਾਲੀ 400 ਕਿਲੋਮੀਟਰ ਲੰਬੀ ਅਧਿਆਤਮਕ ਯਾਤਰਾ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਹੋਵੇਗੀ ਸੰਪੂਰਨ
ਸੰਤ ਨਿਰਮਲ ਦਾਸ ਜੀ ਦੀ ਅਗਵਾਈ ਹੇਠ 3 ਰੋਜ਼ਾ ਸ਼ੋਭਾ ਯਾਤਰਾ ਮਾਲਵਾ ਅਤੇ ਪੁਆਧ ਖੇਤਰਾਂ ਦੇ 16 ਪ੍ਰਮੁੱਖ ਸਥਾਨਾਂ ਤੋਂ ਹੋ ਕੇ ਗੁਜ਼ਰੇਗੀ
3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ 4 ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਹੋਵੇਗਾ ਸੰਗਮ, 4 ਤੋਂ 6 ਦਸੰਬਰ ਤੱਕ ਹੋਣਗੇ ਰਾਜ ਪੱਧਰੀ ਸਮਾਗਮ
ਡਾ. ਬਲਜੀਤ ਕੌਰ ਬਠਿੰਡਾ ਤੋਂ ਯਾਤਰਾ ਨੂੰ ਕਰਨਗੇ ਰਵਾਨਾ; ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਬਰਿੰਦਰ ਕੁਮਾਰ ਗੋਇਲ ਅਤੇ ਗੁਰਮੀਤ ਸਿੰਘ ਮੀਤ ਹੇਅਰ ਲਹਿਰਾਗਾਗਾ ਵਿਖੇ ਕਰਨਗੇ ਸਵਾਗਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਵਿਖੇ ਸ਼ੋਭਾ ਯਾਤਰਾ ਦੇ ਭਰਵੇਂ ਸਵਾਗਤ ਦੀ ਕਰਨਗੇ ਅਗਵਾਈ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਦਰਸਾਏ ਬਰਾਬਰੀ, ਦਇਆ ਅਤੇ ਸਮਾਜਿਕ ਨਿਆਂ ਦੇ ਸਦੀਵੀ ਫ਼ਲਸਫ਼ੇ ਨੂੰ ਇਤਿਹਾਸਕ ਸ਼ਰਧਾਂਜਲੀ ਭੇਟ ਕਰਦਿਆਂ, ਭਗਵੰਤ ਮਾਨ ਸਰਕਾਰ 1 ਦਸੰਬਰ ਤੋਂ 3 ਦਸੰਬਰ, 2026 ਤੱਕ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ (ਰੂਟ 3) ਦਾ ਪ੍ਰਬੰਧ ਕਰਨ ਜਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ-ਵਿਆਪੀ ਸਮਾਗਮਾਂ ਦੇ ਹਿੱਸੇ ਵਜੋਂ ਸਜਾਈ ਜਾਣ ਵਾਲੀ ਇਹ ਤਿੰਨ ਰੋਜ਼ਾ ਪਵਿੱਤਰ ਸ਼ੋਭਾ ਯਾਤਰਾ ਪਵਿੱਤਰ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।
*ਅਧਿਆਤਮਕ ਅਗਵਾਈ ਅਤੇ ਬਠਿੰਡਾ ਤੋਂ ਰਸਮੀ ਰਵਾਨਗੀ*
ਪਵਿੱਤਰ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਦੀ ਅਧਿਆਤਮਕ ਅਗਵਾਈ ਸੰਤ ਨਿਰਮਲ ਦਾਸ ਜੀ ਕਰਨਗੇ, ਜੋ ਇਸ ਦੌਰਾਨ ਲੱਖਾਂ ਸ਼ਰਧਾਲੂਆਂ ਨੂੰ ਦੁੱਖਾਂ, ਅਸਮਾਨਤਾ ਅਤੇ ਵਿਤਕਰੇ ਤੋਂ ਮੁਕਤ ਇੱਕ ਸਦਭਾਵਨਾ ਭਰੇ ਸਮਾਜ ‘ਬੇਗ਼ਮਪੁਰਾ’ ਦੇ ਸਰਬ-ਸਾਂਝੇ ਸੰਦੇਸ਼ ਨਾਲ ਪ੍ਰੇਰਿਤ ਕਰਨਗੇ।
1 ਦਸੰਬਰ, 2026 ਨੂੰ ਬਠਿੰਡਾ ਤੋਂ ਸ਼ੋਭਾ ਯਾਤਰਾ ਦੀ ਸ਼ਾਨਦਾਰ ਸ਼ੁਰੂਆਤ ਮੌਕੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸੰਤ ਸਮਾਜ ਅਤੇ ਸਥਾਨਕ ਸੰਗਤ ਦੇ ਨਾਲ ਮਿਲ ਕੇ ਉਹ ਗੁਰਬਾਣੀ ਕੀਰਤਨ, ਫੁੱਲਾਂ ਦੀ ਵਰਖਾ ਅਤੇ ਰਵਾਇਤੀ ਸ਼ਰਧਾ ਤੇ ਉਤਸ਼ਾਹ ਦਰਮਿਆਨ ਇਸ ਯਾਤਰਾ ਨੂੰ ਰਸਮੀ ਤੌਰ ’ਤੇ ਰਵਾਨਾ ਕਰਨਗੇ, ਜੋ ਇਸ ਏਕਤਾ ਭਰੀ ਅਧਿਆਤਮਕ ਯਾਤਰਾ ਦਾ ਮੁੱਢ ਬੰਨ੍ਹੇਗੀ।
*ਰੂਟ ਦੌਰਾਨ ਕੈਬਨਿਟ ਮੰਤਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਭਰਵਾਂ ਸਵਾਗਤ*
ਪੰਜਾਬ ਦੀ ਸ਼ਰਧਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਦਰਸਾਉਂਦਿਆਂ, ਸੀਨੀਅਰ ਕੈਬਨਿਟ ਮੰਤਰੀ ਅਤੇ ਚੁਣੇ ਹੋਏ ਨੁਮਾਇੰਦੇ ਨਿਰਧਾਰਤ ਪ੍ਰਮੁੱਖ ਠਹਿਰਾਵਾਂ ’ਤੇ ਪੂਰੇ ਮਾਣ-ਸਨਮਾਨ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕਰਨਗੇ।
*ਪਹਿਲਾ ਠਹਿਰਾਅ: ਲਹਿਰਾਗਾਗਾ (ਸੰਗਰੂਰ)*
ਯਾਤਰਾ ਦਾ ਪਹਿਲਾ ਪੜਾਅ ਪੂਰਾ ਕਰਕੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਪਹੁੰਚਣ ’ਤੇ ਸ਼ੋਭਾ ਯਾਤਰਾ ਦਾ ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਅਮਨ ਅਰੋੜਾ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।
*ਦੂਜਾ ਠਹਿਰਾਅ: ਪਟਿਆਲਾ*
ਜਿਵੇਂ ਹੀ ਇਹ ਸ਼ੋਭਾ ਯਾਤਰਾ ਆਪਣੇ ਦੂਜੇ ਪ੍ਰਮੁੱਖ ਠਹਿਰਾਅ ਲਈ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪ੍ਰਵੇਸ਼ ਕਰੇਗੀ, ਤਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਸ਼ਰਧਾਲੂਆਂ ਅਤੇ ਸਥਾਨਕ ਪਤਵੰਤਿਆਂ ਨਾਲ ਮਿਲ ਕੇ ਸ਼ੋਭਾ ਯਾਤਰਾ ਦੇ ਸਵਾਗਤ ਦੀ ਅਗਵਾਈ ਕਰਨਗੇ।
*400 ਕਿਲੋਮੀਟਰ ਦਾ ਮੁਕੰਮਲ ਰੂਟ ਅਤੇ ਪੜਾਅ-ਵਾਰ ਵੇਰਵਾ*
ਤਿੰਨ ਦਿਨਾਂ ਵਿੱਚ ਲਗਭਗ 400 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੇ ਰੂਟ 3 ਦੀ ਰੂਪ-ਰੇਖਾ ਇਸ ਤਰ੍ਹਾਂ ਉਲੀਕੀ ਗਈ ਹੈ ਕਿ ਇਹ ਮਾਲਵਾ ਅਤੇ ਪੁਆਧ ਖੇਤਰਾਂ ਦੇ ਪ੍ਰਮੁੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜੇਗੀ, ਤਾਂ ਜੋ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੀਆਂ ਸੰਗਤਾਂ ਰਸਤੇ ਵਿੱਚ ਨਤਮਸਤਕ ਹੋ ਸਕਣ।
*ਸ਼ੋਭਾ ਯਾਤਰਾ ਦਾ ਮੁਕੰਮਲ ਕ੍ਰਮ ਇਸ ਪ੍ਰਕਾਰ ਹੋਵੇਗਾ:*
ਬਠਿੰਡਾ → ਰਾਮਪੁਰਾ ਫੂਲ → ਬਰਨਾਲਾ → ਧੂਰੀ → ਸੰਗਰੂਰ → ਸੁਨਾਮ → ਲਹਿਰਾਗਾਗਾ (ਪਹਿਲਾ ਠਹਿਰਾਅ) → ਦਿੜ੍ਹਬਾ → ਭਵਾਨੀਗੜ੍ਹ → ਪਟਿਆਲਾ (ਦੂਜਾ ਠਹਿਰਾਅ) → ਫ਼ਤਹਿਗੜ੍ਹ ਸਾਹਿਬ → ਮੋਰਿੰਡਾ → ਰੂਪਨਗਰ ਬਾਈਪਾਸ → ਬਲਾਚੌਰ → ਗੜ੍ਹਸ਼ੰਕਰ → ਖੁਰਾਲਗੜ੍ਹ।
*ਪੜਾਅ-ਵਾਰ ਦੂਰੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:*
ਪਹਿਲਾ ਪੜਾਅ: ਬਠਿੰਡਾ ਤੋਂ ਲਹਿਰਾਗਾਗਾ (ਲਗਭਗ 160 ਕਿਲੋਮੀਟਰ)
ਇਹ ਸ਼ੋਭਾ ਯਾਤਰਾ ਬਠਿੰਡਾ ਤੋਂ ਆਰੰਭ ਹੋ ਕੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਸੰਗਰੂਰ ਅਤੇ ਸੁਨਾਮ ਤੋਂ ਹੁੰਦੀ ਹੋਈ ਆਪਣੇ ਪਹਿਲੇ ਪ੍ਰਮੁੱਖ ਠਹਿਰਾਅ ਲਹਿਰਾਗਾਗਾ ਵਿਖੇ ਪਹੁੰਚੇਗੀ।
ਦੂਜਾ ਪੜਾਅ: ਲਹਿਰਾਗਾਗਾ ਤੋਂ ਪਟਿਆਲਾ (ਲਗਭਗ 83 ਕਿਲੋਮੀਟਰ)
ਲਹਿਰਾਗਾਗਾ ਤੋਂ ਸ਼ੋਭਾ ਯਾਤਰਾ ਦਿੜ੍ਹਬਾ ਅਤੇ ਭਵਾਨੀਗੜ੍ਹ ਤੋਂ ਹੁੰਦੀ ਹੋਈ ਆਪਣੇ ਦੂਜੇ ਪ੍ਰਮੁੱਖ ਠਹਿਰਾਅ ਲਈ ਪਟਿਆਲਾ ਪਹੁੰਚੇਗੀ।
ਤੀਜਾ ਪੜਾਅ: ਪਟਿਆਲਾ ਤੋਂ ਖੁਰਾਲਗੜ੍ਹ (ਲਗਭਗ 150 ਕਿਲੋਮੀਟਰ)
ਪਟਿਆਲਾ ਤੋਂ ਇਹ ਯਾਤਰਾ ਫ਼ਤਹਿਗੜ੍ਹ ਸਾਹਿਬ, ਮੋਰਿੰਡਾ, ਰੂਪਨਗਰ ਬਾਈਪਾਸ, ਬਲਾਚੌਰ ਅਤੇ ਗੜ੍ਹਸ਼ੰਕਰ ਤੋਂ ਹੁੰਦੀ ਹੋਈ ਆਪਣੀ ਅੰਤਿਮ ਮੰਜ਼ਿਲ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇਗੀ।
ਬਠਿੰਡਾ ਤੋਂ ਖੁਰਾਲਗੜ੍ਹ ਤੱਕ ਦੀ ਇਹ ਕੁੱਲ ਯਾਤਰਾ ਪੰਜਾਬ ਭਰ ਦੇ 16 ਪ੍ਰਮੁੱਖ ਸਥਾਨਾਂ ਨੂੰ ਛੂੰਹਦੀ ਹੋਈ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।
*ਖੁਰਾਲਗੜ੍ਹ ਸਾਹਿਬ ਵਿਖੇ ਚਾਰ ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਇਤਿਹਾਸਕ ਸੰਗਮ*
3 ਦਸੰਬਰ, 2026 ਨੂੰ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਇਤਿਹਾਸਕ ਅਧਿਆਤਮਕ ਸੰਗਮ ਦੇ ਰੂਪ ਵਿੱਚ ਸੰਪੂਰਨ ਹੋਵੇਗੀ, ਜਿੱਥੇ ਇਹ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਤਿੰਨ ਹੋਰ ਵਿਸ਼ਾਲ ਸ਼ੋਭਾ ਯਾਤਰਾਵਾਂ ਨਾਲ ਆ ਮਿਲੇਗੀ।
*ਚਾਰੇ ਸ਼ੋਭਾ ਯਾਤਰਾਵਾਂ ਅਤੇ ਉਨ੍ਹਾਂ ਦੇ ਅਧਿਆਤਮਕ ਆਗੂ ਇਸ ਪ੍ਰਕਾਰ ਹਨ:*
• ਵਾਰਾਣਸੀ ਤੋਂ ਮੁੱਖ ਰੂਟ: 30 ਨਵੰਬਰ ਤੋਂ 3 ਦਸੰਬਰ, ਸੰਤ ਨਿਰੰਜਨ ਦਾਸ ਜੀ (ਡੇਰਾ ਬੱਲਾਂ) ਦੀ ਅਗਵਾਈ ਹੇਠ।
• ਫ਼ਰੀਦਕੋਟ ਰੂਟ: 2 ਦਸੰਬਰ ਤੋਂ 3 ਦਸੰਬਰ, ਸੰਤ ਕੇਵਲ ਸਿੰਘ ਜੀ ਦੀ ਅਗਵਾਈ ਹੇਠ।
• ਜੰਮੂ ਰੂਟ: 30 ਨਵੰਬਰ ਤੋਂ 3 ਦਸੰਬਰ, ਸੰਤ ਗੁਰਦੀਪ ਗਿਰੀ ਜੀ ਦੀ ਅਗਵਾਈ ਹੇਠ।
• ਬਠਿੰਡਾ-ਖੁਰਾਲਗੜ੍ਹ ਰੂਟ: 1 ਦਸੰਬਰ ਤੋਂ 3 ਦਸੰਬਰ, ਸੰਤ ਨਿਰਮਲ ਦਾਸ ਜੀ ਦੀ ਅਗਵਾਈ ਹੇਠ।
ਇਨ੍ਹਾਂ ਚਾਰਾਂ ਸ਼ੋਭਾ ਯਾਤਰਾਵਾਂ ਦਾ ਇਤਿਹਾਸਕ ਸੰਗਮ 4 ਦਸੰਬਰ ਤੋਂ 6 ਦਸੰਬਰ, 2026 ਤੱਕ ਖੁਰਾਲਗੜ੍ਹ ਵਿਖੇ ਹੋਣ ਵਾਲੇ 650ਵੇਂ ਪ੍ਰਕਾਸ਼ ਪੁਰਬ ਦੇ ਤਿੰਨ ਰੋਜ਼ਾ ਵਿਸ਼ਾਲ ਰਾਜ ਪੱਧਰੀ ਸਮਾਗਮਾਂ ਦਾ ਆਗਾਜ਼ ਕਰੇਗਾ।
*4 ਤੋਂ 6 ਦਸੰਬਰ ਤੱਕ ਖੁਰਾਲਗੜ੍ਹ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਸਮਾਗਮ*
ਇਨ੍ਹਾਂ ਵਿਸ਼ਾਲ ਸਮਾਗਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ, ਸੰਤ ਸੰਮੇਲਨ, ਕਥਾ ਅਤੇ ਕੀਰਤਨ ਦਰਬਾਰ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਆਧਾਰਿਤ ਪ੍ਰਦਰਸ਼ਨੀਆਂ ਅਤੇ ਬੇਗ਼ਮਪੁਰਾ ਸਮਾਗਮ ਸ਼ਾਮਲ ਹੋਣਗੇ।
ਪੰਜਾਬ ਭਰ ਦੀਆਂ ਸੰਗਤਾਂ ਨੂੰ ਸ਼ੋਭਾ ਯਾਤਰਾ ਦੇ ਰੂਟ ਦੌਰਾਨ ਸ਼ਾਮਲ ਹੋਣ ਅਤੇ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਸਥਾ, ਭਾਈਚਾਰਕ ਸਾਂਝ ਅਤੇ ਮਨੁੱਖੀ ਮਾਣ-ਸਨਮਾਨ ਦੇ ਇਸ ਯੁੱਗ-ਪਲਟਾਊ ਅਤੇ ਵਿਲੱਖਣ ਸਮਾਗਮ ਦਾ ਹਿੱਸਾ ਬਣ ਸਕਣ।

LEAVE A REPLY

Please enter your comment!
Please enter your name here