Tuesday, August 18, 2026
Home Punjab ਬਟਾਲਾ ਤੋਂ ਕੇਜਰੀਵਾਲ ਦਾ ਵੱਡਾ ਐਲਾਨ, 1 ਅਗਸਤ ਤੋਂ ਮੁੱਖ ਮੰਤਰੀ ਤੀਰਥ...

ਬਟਾਲਾ ਤੋਂ ਕੇਜਰੀਵਾਲ ਦਾ ਵੱਡਾ ਐਲਾਨ, 1 ਅਗਸਤ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਜੁੜਣਗੇ 3 ਨਵੇਂ ਰੂਟ

0
17

ਨਵੀਂ ਦਿੱਲੀ/ਪੰਜਾਬ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਬਟਾਲਾ ਵਿੱਚ ਆਯੋਜਿਤ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਭਜਨ ਸੰਧਿਆ ਵਿੱਚ ਸ਼ਾਮਲ ਹੋਏ। ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ ਧਰਮਾਂ ਦੇ ਸਤਿਕਾਰ ਅਤੇ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੇ ਸੂਬੇ ਵਿੱਚ ਲਾਈਟ ਐਂਡ ਸਾਊਂਡ ਅਤੇ ਡਰੋਨ ਸ਼ੋਅ ਨਾਲ ਮਨਾਇਆ ਗਿਆ, ਜਦਕਿ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੀ ਸ਼ਾਨਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਇਸ ਵੇਲੇ ਦੋ ਰੂਟਾਂ ‘ਤੇ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇੱਕ ਰੂਟ ਸ੍ਰੀ ਅਨੰਦਪੁਰ ਸਾਹਿਬ ਅਤੇ ਦੂਜਾ ਸ੍ਰੀ ਹਰਿਮੰਦਰ ਸਾਹਿਬ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਏਸੀ ਲਗਜ਼ਰੀ ਬੱਸਾਂ, ਆਉਣ-ਜਾਣ ਦੀ ਸਹੂਲਤ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਅਤੇ ਯਾਤਰੀਆਂ ਨੂੰ ਸਿਰਫ਼ ਆਪਣੇ ਕੱਪੜੇ ਨਾਲ ਲੈ ਕੇ ਜਾਣੇ ਹੁੰਦੇ ਹਨ।

ਉਨ੍ਹਾਂ ਐਲਾਨ ਕੀਤਾ ਕਿ 1 ਅਗਸਤ ਤੋਂ ਯੋਜਨਾ ਵਿੱਚ ਤਿੰਨ ਨਵੇਂ ਧਾਰਮਿਕ ਰੂਟ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸਾਲਾਸਰ ਬਾਲਾਜੀ ਮੰਦਿਰ–ਖਾਟੂ ਸ਼ਿਆਮ ਜੀ ਮੰਦਿਰ, ਮਥੁਰਾ–ਵ੍ਰਿੰਦਾਵਨ ਅਤੇ ਹਰਿਦੁਆਰ–ਰਿਸ਼ੀਕੇਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ‘ਤੇ ਸਮਰੱਥ ਲੋਕਾਂ ਨੂੰ ਵੀ ਇਹ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਆਧਿਆਤਮਿਕ ਅਤੇ ਸਮਾਜਿਕ ਤੌਰ ‘ਤੇ ਇੱਕ ਵਿਲੱਖਣ ਅਨੁਭਵ ਹੈ।

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜਲੰਧਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਬਾਅਦ ਹੁਣ ਪੰਜਾਬ ਦੇ ਸਾਰੇ 22 ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਭਜਨ ਸੰਧਿਆਵਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਧਾਰਮਿਕ ਸਮਾਗਮਾਂ ਨੂੰ ਉਤਸ਼ਾਹਿਤ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਾਲੀ ਮਾਤਾ ਮੰਦਰ ਦੇ ਵਿਕਾਸ ਲਈ ਲਗਭਗ 80 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਦਰ ਦਾ ਨਵੀਨੀਕਰਨ ਸਤੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਅਕਤੂਬਰ ਤੋਂ ਬਾਅਦ ਸ਼ਰਧਾਲੂ ਉੱਥੇ ਦਰਸ਼ਨ ਲਈ ਜਾ ਸਕਣਗੇ।

LEAVE A REPLY

Please enter your comment!
Please enter your name here