Home Punjab Ludhiana ਲਲਕਾਰ ਵਾਲੇ ਸੂਰਮੇ ਸ਼ਾਇਰ ਜਰਨੈਲ ਸਿੰਘ ਅਰਸ਼ੀ ਨੂੰ ਯਾਦ ਕਰਦਿਆਂ

ਲਲਕਾਰ ਵਾਲੇ ਸੂਰਮੇ ਸ਼ਾਇਰ ਜਰਨੈਲ ਸਿੰਘ ਅਰਸ਼ੀ ਨੂੰ ਯਾਦ ਕਰਦਿਆਂ

0
17

 

ਕੁਝ ਸਾਲ ਪਹਿਲਾਂ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਆਉਣਾ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਕਿੰਨਾ ਜ਼ਰੂਰੀ ਬਣਦਾ ਹੈ।
ਲੁਧਿਆਣਾ ਤੋਂ ਲਲਕਾਰ ਸਪਤਾਹਿਕ ਅਖ਼ਬਾਰ ਦੇ ਬਾਨੀ ਸੰਪਾਦਕ ਰਹੇ ਜਰਨੈਲ ਸਿੰਘ ਅਰਸ਼ੀ ਜੀ ਦਾ ਮੇਰੇ ਜੀਵਨ ਚ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਕਾਵਿ ਪੁਸਤਕ “ਲਲਕਾਰ”ਜਦ ਯੁਵਕ ਕੇਂਦਰ ਜਲੰਧਰ ਨੇ ਇਸ ਦੇ ਪਹਿਲੇ ਐਡੀਸ਼ਨ ਤੋਂ ਲੰਮੇ ਵਕਫ਼ੇ ਬਾਦ ਛਾਪੀ ਤਾਂ ਮੈਨੂੰ ਇਹ ਕਿਤਾਬ ਪੜ੍ਹਨ ਦਾ ਸੁਭਾਗ ਮਿਲਿਆ। ਸ਼ਾਇਦ 1968-69 ਦੀ ਗੱਲ ਹੈ।
ਲਲਕਾਰ ਦਾ ਮੁੱਖ ਬੰਦ ਯੁੱਗ ਕਵੀ ਪ੍ਰੋ. ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਸੀ।ਉਨ੍ਹਾਂ ਆਪਣੀ ਲਿਖਤ ਵਿੱਚ ਅਰਸ਼ੀ ਜੀ ਦੀ
ਵੱਡੀ ਕਾਵਿ ਪ੍ਰਤਿਭਾ ਹੋਣ ਦੀ ਗਵਾਹੀ ਦਿੱਤੀ ਸੀ।
ਉਸ ਕਾਵਿ ਸੰਗ੍ਰਹਿ ਦੇ ਅੰਤਲੇ ਪੰਨੇ ਤੇ ਅਰਸ਼ੀ ਜੀ ਦੀ ਤਸਵੀਰ ਹੇਠ ਇੱਕ ਕਾਵਿ ਟੂਕ ਸੀ।

“ਜਿੱਥੇ ਚੜ੍ਹਦੀ ਜਵਾਨੀ ਨੂੰ ਅੱਗ ਲੱਗੀ,
ਮੈਨੂੰ ਸਤਿਲੁਜ ਦੇ ਓਸ ਕਿਨਾਰੇ ਦੀ ਸਹੁੰ।

ਜਿੱਥੇ ਖ਼ੂਨ ਦੇ ਵਿੱਚ ਬਹਾਰ ਡੁੱਬੀ,
ਜੱਲ੍ਹਿਆਂ ਵਾਲੇ ਦੇ ਓਸ ਨਜ਼ਾਰੇ ਦੀ ਸਹੁੰ।

ਜਿੰਨੀ ਦੇਰ ਨਹੀਂ ਦੇਸ਼ ਖੁਸ਼ਹਾਲ ਹੁੰਦਾ,
ਰਹੂ ਗੂੰਜਦੀ ਇਹੋ ਲਲਕਾਰ ਮੇਰੀ।

ਛਾਂਗ ਦਿਆਂਗਾ ਦੇਸ਼ ਦੇ ਦੁਸ਼ਮਣਾਂ ਨੂੰ,
ਕਲਮ ਨਹੀਂ ਇਹ ਜਾਣ ਤਲਵਾਰ ਮੇਰੀ।”

ਇਸ ਕਿਤਾਬ ਦੇ ਪਹਿਲੇ ਪੰਨਿਆਂ ਤੋਂ ਹੀ ਪਤਾ ਲੱਗਾ ਕਿ ਅਰਸ਼ੀ ਜੀ ਆਪਣੇ ਅਖ਼ਬਾਰ ਚ ਬੜੀਆਂ ਤਿੱਖੀਆਂ ਟਿਪਣੀਆਂ ਕਰਿਆ ਕਰਦੇ ਸਨ।
ਸਿਆਸੀ ਆਰਾਂ ਲਾਉਣ ਚ ਕਮਾਲ ਸਨ। ਸਿਆਸਤਦਾਨ ਤੜਫ਼ ਉੱਠਦੇ।
ਪਤਲਚੰਮੇ ਸਨ ਉਦੋਂ ਵਾਲੇ ਸਿਆਸਤਦਾਨ। ਹੁਣ ਵਾਂਗ ਮੋਟੇ ਚੰਮ ਵਾਲੇ ਨਹੀਂ।

ਲਲਕਾਰ ਦਾ ਲੁਧਿਆਣਾ ਚ ਘੰਟਾਘਰ ਨੇੜੇ ਦਫ਼ਤਰ ਸੀ। ਇਥੇ ਹੀ ਚੌਂਕ ‘ਚ ਲਾਹੌਰ ਬੁੱਕ ਸ਼ਾਪ ਸੀ। ਗਿਆਨੀ ਵਰਿਆਮ ਸਿੰਘ ਮਸਤ ਦਾ ਗਿਆਨੀ ਕਾਲਿਜ ਸੀ, ਜਿੱਥੋਂ ਸੰਤੋਖ ਸਿੰਘ ਧੀਰ ਸਮੇਤ ਬਹੁਤ ਲਿਖਾਰੀਆਂ ਨੇ ਗਿਆਨੀ ਪਾਸ ਕੀਤੀ ਸੀ।ਜਰਨੈਲ ਸਿੰਘ ਅਰਸ਼ੀ ਦਾ ਗਿਆਨੀ ਕਾਲਿਜ ਵੀ ਅਗਾਂਹਵਧੂ  ਸੋਚ ਧਾਰਾ ਦੇ ਕਵੀਆਂ ਦਾ ਕੇਂਦਰੀ ਟਿਕਾਣਾ ਸੀ। ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ,ਗੁਰਚਰਨ ਰਾਮਪੁਰੀ,ਸੰਤੋਖ ਸਿੰਘ ਧੀਰ, ਸੱਜਣ ਗਰੇਵਾਲ, ਕ੍ਰਿਸ਼ਨ ਅਦੀਬ, ਮਦਨ ਲਾਲ ਦੀਦੀ ਦਾ ਪੱਕਾ ਫੇਰਾ ਪੈਂਦਾ। ਕਦੇ ਕਦਾਈਂ ਸਿਰਕੱਢ ਕਵੀ ਗੁਰਦੇਵ ਸਿੰਘ ਮਾਨ ਵੀ ਗੇੜੀ ਲਾ ਜਾਂਦੇ। ਚੇਤੇ ਆਇਆ

ਮੈਨੂੰ ਕਿ ਗੁਰਦੇਵ ਸਿੰਘ ਮਾਨ ਤੇ ਜਰਨੈਲ ਸਿੰਘ ਅਰਸ਼ੀ ਨੇ ਹੀ 1948 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਬਰਸੀ ਮਨਾਈ ਸੀ। 1947ਦੇ ਉਜਾੜੇ ਮਗਰੋਂ ਬਾਰ ‘ਚੋਂ ਉੱਜੜ ਕੇ ਆਏ ਮਾਨ ਪਰਿਵਾਰ ਦੀ ਕੱਚੀ ਅਲਾਟਮੈਂਟ ਸਰਾਭਾ ਪਿੰਡ ਵਿੱਚ ਹੀ ਹੋਈ ਸੀ। ਕੁਝ ਸਾਲਾਂ ਬਾਦ ਉਹ ਭੂਮਸੀ(ਮਲੇਰਕੋਟਲਾ) ਜਾ ਵੱਸੇ।

ਜਰਨੈਲ ਸਿੰਘ ਅਰਸ਼ੀ ਦਾ ਇੱਕ ਕਹਾਣੀ ਸੰਗ੍ਰਹਿ “ਹੱਡ ਬੀਤੀਆਂ”ਵੀ ਛਪਿਆ ਸੀ  ਜੋ ਕਿਤਿਓਂ ਲੱਭਦਾ ਨਹੀਂ ਸੀ , ਪਰ ਹੁਣ ਸਾਲ 2024 ਵਿੱਚ ਲਿਖਾਰੀ ਸਭਾ ਰਾਮਪੁਰ(ਲੁਧਿਆਣਾ) ਦੇ ਸਰਪ੍ਰਸਤ ਕਹਾਣੀਕਾਰ ਸੁਰਿੰਦਰ ਰਾਮਪੁਰੀ ਰਾਹੀਂ  ਮੇਰੇ ਹੱਥ ਲੱਗਾ ਹੈ। ਲਿਖਾਰੀ ਸਭਾ ਰਾਮਪੁਰ ਦੀ ਲਾਇਬਰੇਰੀ ਵਿੱਚ ਇਹ ਹੁਣ ਵੀ ਮੌਲਿਕ ਰੂਪ ਵਿੱਚ ਸੁਭਾਇਮਾਨ ਹੈ।

1971 ਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਲੱਗਾ ਤਾਂ ਦੋ ਕੁ ਸਾਲ ਬਾਦ ਨਾਰੰਗਵਾਲ ਕਾਲਿਜ ਦੇ ਦੋ ਵਿਦਿਆਰਥੀ ਆਗੂ ਸਾਡੇ ਕਾਲਿਜ ਚ ਦਾਖਲ ਹੋਏ। ਗੋਪਾਲਪੁਰ ਵਾਲਾ ਦਰਸ਼ਨ ਸਿੰਘ ਤੇ ਰਛੀਨ ਵਾਲਾ ਇਕਬਾਲ।

ਪਤਾ ਲੱਗਾ ਕਿ ਇਕਬਾਲ ਇਨਕਲਾਬੀ ਪੰਜਾਬੀ ਕਵੀ ਸ੍ਵ. ਜਰਨੈਲ ਸਿੰਘ ਅਰਸ਼ੀ ਦਾ ਵੱਡਾ ਸਪੁੱਤਰ ਹੈ। ਉਹ ਸਾਹਿੱਤ ਰਸੀਆ ਨਹੀਂ ਸੀ, ਪਰ ਸਾਡਾ ਸੱਜਣ ਸੀ ਕਿਉਂਕਿ ਮੇਰੇ ਵੱਡੇ ਭਾ ਜੀ ਪ੍ਰੋ: ਜਸਵੰਤ ਸਿੰਘ ਗਿੱਲ ਕੋਲ ਅਕਸਰ ਕਿਸੇ ਨਾ ਕਿਸੇ ਮਸਲੇ ਤੇ ਵਿਚਾਰ -ਵਟਾਂਦਰਾ ਕਰਨ ਆਉਂਦਾ ਰਹਿੰਦਾ ਸੀ। ਇਹ ਜੋੜਾ ਕੌਮੀ ਲਹਿਰ ਮੈਗਜ਼ੀਨ ਦੇ ਸੰਪਾਦਕ ਹਰਭਜਨ ਸਿੰਘ ਲੋਹਗੜ੍ਹ ਦਾ ਵਿਸ਼ਵਾਸ ਪਾਤਰ ਸੀ।
ਉਹ ਮੇਰੇ ਲਈ ਅਰਸ਼ੀ ਜੀ ਕਾਰਨ ਸਤਿਕਾਰ ਯੋਗ ਸੀ ਤੋ ਨਾਲ ਹੀ ਸਾਡਾ ਵਿਦਿਆਰਥੀ ਆਗੂ ਵੀ ਸੀ ।

LEAVE A REPLY

Please enter your comment!
Please enter your name here