ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਵੱਧ ਰਹੀ ਗਰਮੀ ਅਤੇ ਹੀਟਵੇਵ ਦੇ ਮੱਦੇਨਜ਼ਰ ਕਈ ਰਾਜਾਂ ਨੇ ਸਕੂਲਾਂ ਦੇ ਸਮੇਂ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਤਬਦੀਲੀਆਂ ਲਾਗੂ ਕਰ ਦਿੱਤੀਆਂ ਹਨ। ਨਵੀਂ ਦਿੱਲੀ ਵਿੱਚ ਸਿੱਖਿਆ ਡਾਇਰੈਕਟੋਰੇਟ ਦਿੱਲੀ ਵੱਲੋਂ ਜਾਰੀ ਅਕਾਦਮਿਕ ਕੈਲੰਡਰ ਅਨੁਸਾਰ, ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 11 ਮਈ 2026 ਤੋਂ 30 ਜੂਨ 2026 ਤੱਕ ਰਹਿਣਗੀਆਂ ਅਤੇ ਸਕੂਲ 1 ਜੁਲਾਈ ਨੂੰ ਦੁਬਾਰਾ ਖੁੱਲਣਗੇ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ ਲਗਾਤਾਰ ਵਧਣ ਕਾਰਨ ਕਈ ਰਾਜਾਂ ਨੇ ਸਕੂਲਾਂ ਦੇ ਸਮੇਂ ਵਿੱਚ ਸੋਧ ਕੀਤੀ ਹੈ, ਤਾਂ ਜੋ ਬੱਚਿਆਂ ਨੂੰ ਦੁਪਹਿਰ ਦੀ ਤਿੱਖੀ ਗਰਮੀ ਤੋਂ ਬਚਾਇਆ ਜਾ ਸਕੇ। ਕਈ ਥਾਵਾਂ ‘ਤੇ ਸਵੇਰੇ ਜਲਦੀ ਸਕੂਲ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉੱਤਰ ਪ੍ਰਦੇਸ਼ ਵਿੱਚ ਗਰਮੀਆਂ ਦੀਆਂ ਛੁੱਟੀਆਂ 20 ਮਈ ਤੋਂ 15 ਜੂਨ ਤੱਕ ਰਹਿਣਗੀਆਂ, ਜਦਕਿ ਪੰਜਾਬ ਵਿੱਚ ਛੁੱਟੀਆਂ 21 ਮਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਓਡੀਸ਼ਾ ਵਿੱਚ ਛੁੱਟੀਆਂ 27 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀਆਂ ਹਨ, ਛੱਤੀਸਗੜ੍ਹ ਵਿੱਚ 20 ਅਪ੍ਰੈਲ ਤੋਂ 15 ਜੂਨ ਤੱਕ ਅਤੇ ਪੱਛਮੀ ਬੰਗਾਲ ਵਿੱਚ 22 ਅਪ੍ਰੈਲ ਤੋਂ ਗਰਮੀਆਂ ਦੀਆਂ ਛੁੱਟੀਆਂ ਲਾਗੂ ਹਨ (ਦਾਰਜੀਲਿੰਗ ਨੂੰ ਛੋਟ ਦਿੱਤੀ ਗਈ ਹੈ)।
ਸਕੂਲਾਂ ਦੇ ਸਮੇਂ ਵਿੱਚ ਵੀ ਵੱਡੇ ਬਦਲਾਅ ਕੀਤੇ ਗਏ ਹਨ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸਕੂਲ ਸਵੇਰੇ 7:30 ਤੋਂ ਦੁਪਹਿਰ 12:00 ਵਜੇ ਤੱਕ ਖੁੱਲ ਰਹੇ ਹਨ। ਝਾਰਖੰਡ ਵਿੱਚ ਸਮਾਂ 7:00 ਤੋਂ 11:30 ਵਜੇ ਤੱਕ ਹੈ, ਜਦਕਿ ਪਟਨਾ ਵਿੱਚ ਕਲਾਸਾਂ 11:30 ਵਜੇ ਤੱਕ ਮੁਕਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਵੀ ਸਵੇਰੇ ਦੇ ਸਮੇਂ ਵਿੱਚ ਸਕੂਲ ਚਲਾਏ ਜਾ ਰਹੇ ਹਨ।
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਹਲਕਾ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਤੂਫਾਨ ਨਾਲ ਕੁਝ ਰਾਹਤ ਮਿਲ ਸਕਦੀ ਹੈ। ਅਗਲੇ ਹਫ਼ਤੇ ਦੇ ਅੰਤ ਤੱਕ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ।



