ਸਿਰਸਾ: ਸਿਰਸਾ ਜ਼ਿਲ੍ਹੇ ਦੇ ਨਾਥੂਸਰੀ ਚੋਪਟਾ ਬੱਸ ਸਟੈਂਡ ਤੋਂ ਹਰਿਆਣਾ ਰੋਡਵੰਜ਼ ਵੱਲੋਂ ਚੰਡੀਗੜ੍ਹ ਲਈ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਖੇਤਰ ਦੇ ਲੋਕਾਂ ਵੱਲੋਂ ਇਸ ਨਵੀਂ ਸੇਵਾ ਦਾ ਸਵਾਗਤ ਕੀਤਾ ਗਿਆ ਹੈ।
ਇਸ ਬੱਸ ਨੂੰ ਜੀ.ਐਮ. ਕੁਲਦੀਪ ਜਾਂਗੜਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸ ਹਰ ਰੋਜ਼ ਸਵੇਰੇ 4:50 ਵਜੇ ਨਾਥੂਸਰੀ ਚੋਪਟਾ ਤੋਂ ਚੰਡੀਗੜ੍ਹ ਲਈ ਚੱਲੇਗੀ।
ਵਾਪਸੀ ਦੌਰਾਨ ਇਹ ਬੱਸ ਚੰਡੀਗੜ੍ਹ ਤੋਂ ਦੁਪਹਿਰ 12:48 ਵਜੇ ਰਵਾਨਾ ਹੋ ਕੇ ਰਾਤ 8:20 ਵਜੇ ਨਾਥੂਸਰੀ ਚੋਪਟਾ ਪਹੁੰਚੇਗੀ। ਵਿਭਾਗ ਮੁਤਾਬਕ ਇਹ ਸੇਵਾ ਨਿਯਮਤ ਸ਼ਡਿਊਲ ਅਨੁਸਾਰ ਚੱਲਦੀ ਰਹੇਗੀ।
ਜੀ.ਐਮ. ਕੁਲਦੀਪ ਜਾਂਗੜਾ ਨੇ ਕਿਹਾ ਕਿ ਇਸ ਸੇਵਾ ਨਾਲ ਚੋਪਟਾ ਖੇਤਰ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਇਲਾਕਾ ਵਾਸੀ ਚੰਡੀਗੜ੍ਹ ਲਈ ਸਿੱਧੀ ਬੱਸ ਸੇਵਾ ਦੀ ਮੰਗ ਕਰ ਰਹੇ ਸਨ, ਜੋ ਹੁਣ ਪੂਰੀ ਹੋ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਜੇਕਰ ਜ਼ਿਲ੍ਹਾ ਸਿਰਸਾ ਦੇ ਲੋਕਾਂ ਵੱਲੋਂ ਹੋਰ ਵੀ ਕੋਈ ਮੰਗਾਂ ਸਾਹਮਣੇ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਪੂਰਾ ਕਰਨ ਲਈ ਵੀ ਯਤਨ ਕੀਤੇ ਜਾਣਗੇ।
ਇਸ ਮੌਕੇ ਰਿਤਾ ਕਸਾਨੀਆ ਅਤੇ ਸਥਾਨਕ ਨਿਵਾਸੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਹ ਬੱਸ ਸੇਵਾ ਖੇਤਰ ਦੀ ਲੰਬੇ ਸਮੇਂ ਤੋਂ ਲਟਕੀ ਹੋਈ ਮੰਗ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਕਰੀਬ 45 ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ।
ਇਸ ਦੌਰਾਨ ਸੀਨੀਅਰ ਭਾਜਪਾ ਆਗੂ ਰੋਹਤਾਸ਼ ਜਾਗਰਾ ਨੇ ਵੀ ਰੋਡਵੇਜ਼ ਪ੍ਰਸ਼ਾਸਨ ਅਤੇ ਸਰਕਾਰ ਦੀ ਸ਼ਲਾਘਾ ਕੀਤੀ।
ਇਹ ਰਹੇਗਾ ਬੱਸ ਦਾ ਰੂਟ
ਬੱਸ ਨਾਥੂਸਰੀ ਚੋਪਟਾ ਤੋਂ ਚੱਲ ਕੇ ਦਰਬਾ ਕਲਾਂ, ਸਿਰਸਾ, ਫਤਿਹਾਬਾਦ, ਭੂਨਾ, ਉਕਲਾਨਾ, ਨਰਵਾਣਾ, ਕੈਥਲ, ਪਿਹੋਵਾ ਅਤੇ ਅੰਬਾਲਾ ਰਾਹੀਂ ਚੰਡੀਗੜ੍ਹ ਪਹੁੰਚੇਗੀ।



