ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ, ਤਾਂ ਜੋ ਉਹ ਮੌਜੂਦਾ ਸਮੇਂ ਦੀਆਂ ਲੋੜਾਂ ਮੁਤਾਬਕ ਹੁਨਰ ਹਾਸਲ ਕਰ ਸਕਣ। ਸਰਕਾਰ ਵੱਲੋਂ ਵਿਦਿਆਰਥੀਆਂ ਲਈ 5 ਲੱਖ ਡਾਟਾ ਸਿਮ ਕਾਰਡ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਮੁੱਖ ਮੰਤਰੀ ਬੀਤੇ ਦਿਨ ਉੱਚ ਪੱਧਰੀ ਖਰੀਦ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਉਚੇਰੀ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਿਹਤ ਮੰਤਰੀ ਆਰਤੀ ਸਿੰਘ ਰਾਓ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
10ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਲਣਗੇ ਟੈਬਲੇਟ
ਮੁੱਖ ਮੰਤਰੀ ਨੇ ਦੱਸਿਆ ਕਿ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 5 ਲੱਖ ਟੈਬਲੇਟ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਟੈਬਲੇਟਾਂ ਲਈ ਡਾਟਾ ਸਿਮ ਕਾਰਡ ਵੀ ਖਰੀਦੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਅਤੇ ਆਨਲਾਈਨ ਸਰੋਤਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲੇਗੀ।
ਮੀਟਿੰਗ ਦੌਰਾਨ ਹਰਿਆਣਾ ਬਿਜਲੀ ਪ੍ਰਸਾਰਨ ਨਿਗਮ ਲਿਮਟਿਡ ਲਈ ਵੱਖ-ਵੱਖ ਸਮਰੱਥਾ ਵਾਲੀਆਂ 220 ਵੋਲਟ ਟਿਊਬਲਰ ਕਿਸਮ ਦੀਆਂ ਲੀਡ-ਐਸਿਡ ਬੈਟਰੀਆਂ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ ਗਈ।
ਅਸੰਧ ਸ਼ੂਗਰ ਮਿੱਲ ਲਈ 11.90 ਕਰੋੜ ਰੁਪਏ ਮਨਜ਼ੂਰ
ਉੱਚ ਪੱਧਰੀ ਖਰੀਦ ਕਮੇਟੀ ਨੇ ਹੈਫੇਡ ਵੱਲੋਂ ਸੰਚਾਲਿਤ ਅਸੰਧ ਸ਼ੂਗਰ ਮਿੱਲ ਨੂੰ ਇੱਕ ਸਾਲ ਲਈ ਚਲਾਉਣ ਲਈ 11.90 ਕਰੋੜ ਰੁਪਏ ਦੀ ਲਾਗਤ ਨੂੰ ਮਨਜ਼ੂਰੀ ਦਿੱਤੀ। ਇਸ ਰਕਮ ਵਿੱਚ ਸਾਲਾਨਾ ਓਵਰਹਾਲਿੰਗ, ਮੁਰੰਮਤ, ਰੱਖ-ਰਖਾਅ ਅਤੇ ਲੋੜੀਂਦੀ ਸਮੱਗਰੀ ਸ਼ਾਮਲ ਹੋਵੇਗੀ।
ਸੂਬੇ ਨੂੰ ਮਿਲਣਗੀਆਂ 59 ਆਧੁਨਿਕ ਐਂਬੂਲੈਂਸਾਂ
ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਸਿਹਤ ਮਿਸ਼ਨ ਤਹਿਤ 59 ਆਧੁਨਿਕ ਜੀਵਨ ਰੱਖਿਅਕ ਐਂਬੂਲੈਂਸਾਂ ਖਰੀਦਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।
ਇਨ੍ਹਾਂ ਵਿੱਚੋਂ 33 ਐਂਬੂਲੈਂਸਾਂ ਦੱਖਣੀ ਹਰਿਆਣਾ ਅਤੇ 26 ਐਂਬੂਲੈਂਸਾਂ ਉੱਤਰੀ ਹਰਿਆਣਾ ਲਈ ਹੋਣਗੀਆਂ। ਇਸ ਤੋਂ ਇਲਾਵਾ ਮੀਟਿੰਗ ਵਿੱਚ 90 ਕਰੋੜ ਰੁਪਏ ਤੋਂ ਵੱਧ ਦੇ ਸੇਵਾ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।






