Saturday, July 11, 2026
Home Punjab ਅੰਮ੍ਰਿਤਸਰ ਦੀ ਦਾਣਾ ਮੰਡੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਸਰਪੰਚੀ ਦੀ ਰੰਜਿਸ਼ ਨੇ...

ਅੰਮ੍ਰਿਤਸਰ ਦੀ ਦਾਣਾ ਮੰਡੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਸਰਪੰਚੀ ਦੀ ਰੰਜਿਸ਼ ਨੇ ਲਈ ਨੌਜਵਾਨ ਦੀ ਜਾਨ

0
4

ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਵਿੱਚ ਸਰਪੰਚੀ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਹਿੰਸਕ ਰੂਪ ਧਾਰ ਲਿਆ। ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਕਥਿਤ ਤੌਰ ’ਤੇ ਕਰੀਬ 100 ਗੋਲੀਆਂ ਚੱਲੀਆਂ। ਇਸ ਗੋਲੀਬਾਰੀ ਵਿੱਚ ਗੁਰਸ਼ਰਨ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਸੁਖਮਨ ਨਾਮ ਦਾ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਗੋਲੀਬਾਰੀ ਦੌਰਾਨ ਗੁਰਸ਼ਰਨ ਸਿੰਘ ਦੀ ਗਰਦਨ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ। ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਸੁਖਮਨ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7:30 ਵਜੇ ਪਿੰਡ ਭਕਨਾ ਕਲਾਂ ਦੀ ਅਨਾਜ ਮੰਡੀ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਦੇ ਧੜਿਆਂ ਵਿਚਾਲੇ ਪਹਿਲਾਂ ਤੋਂ ਰੰਜਿਸ਼ ਚੱਲ ਰਹੀ ਸੀ।

ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਦੋਵਾਂ ਧੜਿਆਂ ਨਾਲ ਜੁੜੇ ਲੋਕ ਕਰੀਬ 15 ਗੱਡੀਆਂ ਵਿੱਚ ਸਵਾਰ ਹੋ ਕੇ ਦਾਣਾ ਮੰਡੀ ਪਹੁੰਚੇ ਸਨ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਬਹਿਸ ਹੋਈ, ਜੋ ਕੁਝ ਹੀ ਸਮੇਂ ਬਾਅਦ ਹਿੰਸਕ ਝੜਪ ਵਿੱਚ ਬਦਲ ਗਈ। ਇਸ ਤੋਂ ਬਾਅਦ ਦੋਵਾਂ ਪਾਸਿਆਂ ਵੱਲੋਂ ਇੱਕ-ਦੂਜੇ ’ਤੇ ਤਾਬੜਤੋੜ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਹਨ।

ਇਸ ਗੋਲੀਬਾਰੀ ਦੌਰਾਨ ਪ੍ਰਗਟ ਸਿੰਘ ਦੇ ਧੜੇ ਨਾਲ ਸਬੰਧਤ ਗੁਰਸ਼ਰਨ ਸਿੰਘ ਗੋਲੀਆਂ ਲੱਗਣ ਕਾਰਨ ਮੌਕੇ ’ਤੇ ਹੀ ਦਮ ਤੋੜ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹੁਣ ਤੱਕ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਗੋਲੀਬਾਰੀ ਵਿੱਚ ਵਰਤੇ ਗਏ ਹਥਿਆਰਾਂ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here