ਮਲੇਰਕੋਟਲਾ: ਕੈਬਨਿਟ ਮੰਤਰੀ ਪਸ਼ੂ ਪਾਲਣ ਗੁਰਮੀਤ ਸਿੰਘ ਖੁੱਡੀਆਂ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸੁਖਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ, ਮਾਲੇਰਕੋਟਲਾ ਵਿੱਚ ਗਊਧਨ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮੁਹਿੰਮ ਦਾ ਆਰੰਭ ਸਥਾਨਕ ਗਊਸ਼ਾਲਾ ਤੋਂ ਕੀਤਾ ਗਿਆ।
ਸੀਨੀਅਰ ਵੈਟਰਨਰੀ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 02 ਫਰਵਰੀ ਤੋਂ 22 ਫਰਵਰੀ ਤੱਕ ਜ਼ਿਲ੍ਹੇ ਦੀਆਂ 36,000 ਗਊਆਂ ਨੂੰ ਘਰ-ਘਰ ਜਾਂ ਗਊਸ਼ਾਲਾਵਾਂ ਵਿੱਚ ਮੁਫ਼ਤ ਵੈਕਸੀਨੇਸ਼ਨ ਦਿੱਤੀ ਜਾਵੇਗੀ। ਇਸ ਟੀਕਾਕਰਨ ਮੁਹਿੰਮ ਨੂੰ ਯਕੀਨੀ ਬਣਾਉਣ ਲਈ 16 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਰੋਜ਼ਾਨਾ ਲਗਭਗ 2,000 ਗਊਆਂ ਦਾ ਟੀਕਾਕਰਨ ਕਰਨਗੀਆਂ।
ਡਾ. ਸੁਖਵਿੰਦਰ ਸਿੰਘ ਨੇ ਯਾਦ ਦਿਲਾਇਆ ਕਿ ਸਾਲ 2022 ਵਿੱਚ ਪੰਜਾਬ ਵਿੱਚ ਲੰਪੀ ਸਕਿਨ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ। ਉਸ ਸਮੇਂ ਪੰਜਾਬ ਸਰਕਾਰ ਵੱਲੋਂ ਮੁਫ਼ਤ ਗੋਟ ਪੌਕਸ ਵੈਕਸੀਨ ਸਾਰੀਆਂ ਗਾਵਾਂ ਨੂੰ ਲਗਾਈ ਗਈ ਸੀ। ਟੀਕਾਕਰਨ ਦੇ ਨਤੀਜੇ ਸਾਫ਼ ਹਨ, ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ, ਕਿਸੇ ਵੀ ਗਊ ਨੇ ਆਪਣੀ ਜਾਨ ਨਹੀਂ ਗਵਾਈ।
ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਪਸ਼ੂ ਪਾਲਣ ਵਿਭਾਗ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਮੰਗੀ ਜਾਣਕਾਰੀ ਸਮੇਂ ਸਿਰ ਪ੍ਰਦਾਨ ਕੀਤੀ ਜਾਵੇ, ਤਾਂ ਜੋ ਸਮੁੱਚੀ ਟੀਕਾਕਰਨ ਮੁਹਿੰਮ ਦਾ ਰਿਕਾਰਡ ਸਰਕਾਰੀ ਪੋਰਟਲ ‘ਤੇ ਦਰਜ ਕੀਤਾ ਜਾ ਸਕੇ।
ਇਸ ਦੌਰਾਨ ਵੈਟਨਰੀ ਅਫਸਰ ਡਾ. ਵਿਕਰਮ ਕਪੂਰ ਅਤੇ ਸੀਨੀਅਰ ਵੈਟਨਰੀ ਇੰਸਪੈਕਟਰ ਸੁਖਰਾਜ ਪ੍ਰੀਤ ਸਿੰਘ ਵੀ ਮੌਜੂਦ ਸਨ।







