Friday, July 17, 2026
Home Patiala Updates ਵਿਕਾਸ ਕਾਰਜਾਂ ਨਾਲ ਪਟਿਆਲਾ ਦੀ ਬਦਲੇਗੀ ਤਸਵੀਰ – ਡਾ. ਬਲਬੀਰ ਸਿੰਘ

ਵਿਕਾਸ ਕਾਰਜਾਂ ਨਾਲ ਪਟਿਆਲਾ ਦੀ ਬਦਲੇਗੀ ਤਸਵੀਰ – ਡਾ. ਬਲਬੀਰ ਸਿੰਘ

0
21
ਪਟਿਆਲਾ, 26 ਮਈ:
ਅਰਬਨ ਅਸਟੇਟ ਦੇ ਵਾਸੀਆਂ ਨੇ ਸਫਾਈ ਵਿੱਚ ਬਣਾਈ ਮਿਸਾਲ – ਸਿਹਤ ਮੰਤਰੀ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਵਿੱਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀਆਂ 25 ਕਿਲੋਮੀਟਰ ਸੜਕਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਦੇ ਹਰ ਸ਼ਹਿਰ ਤੇ ਪਿੰਡ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਰਬਨ ਅਸਟੇਟ ਫੇਜ਼-2 ਦੀਆਂ ਸੜਕਾਂ ਦੇ ਨਵੀਨੀਕਰਨ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਗਮ ਬਣੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਪਾਰਕਾਂ ਦੀ ਮੁਰੰਮਤ ਅਤੇ ਸੁੰਦਰਤਾ ਵਧਾਉਣ ਲਈ ਵੀ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਹਨ ਜੋ ਲੋਕਾਂ ਨੂੰ ਸਾਫ-ਸੁਥਰਾ ਅਤੇ ਹਰਾ-ਭਰਾ ਵਾਤਾਵਰਨ ਮਿਲ ਸਕੇ।
ਸਿਹਤ ਮੰਤਰੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ-ਦੁਆਲੇ ਦਾ ਵਾਤਾਵਰਨ ਸਾਫ-ਸੁਥਰਾ ਰੱਖਣਾ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਨਾ ਲੱਗਣ ਦਿੱਤੇ ਜਾਣ ਅਤੇ ਲੋਕ ਆਪਣੇ ਘਰਾਂ ਅਤੇ ਮੁਹੱਲਿਆਂ ਦੀ ਸਫਾਈ ਵੱਲ ਖਾਸ ਧਿਆਨ ਦੇਣ। ਉਨ੍ਹਾਂ ਅਰਬਨ ਅਸਟੇਟ ਦੇ ਵਾਸੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਆਪਣੇ ਇਲਾਕੇ ਨੂੰ ਬਹੁਤ ਹੀ ਸਾਫ-ਸੁਥਰਾ ਅਤੇ ਸੁਚੱਜਾ ਬਣਾਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਰ ਇਲਾਕਿਆਂ ਦੇ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਪੌਦੇ ਸਾਡੇ ਵਾਤਾਵਰਨ ਨੂੰ ਸੁੱਚਾ ਰੱਖਣ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਆਕਸੀਜਨ ਦਾ ਮੁੱਖ ਸਰੋਤ ਹਨ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਜੁੜ ਕੇ ਹੀ ਮਨੁੱਖ ਅਸਲ ਸੁੱਖ ਅਤੇ ਸ਼ਾਂਤੀ ਦਾ ਅਨੰਦ ਮਾਣ ਸਕਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਦੇ ਹਰ ਨਾਗਰਿਕ ਤੱਕ ਬਿਹਤਰ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੈ। ਇਸੇ ਵਚਨਬੱਧਤਾ ਨਾਲ ਸਰਕਾਰ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਦੀ ਇਹ ਲੜੀ ਲਗਾਤਾਰ ਜਾਰੀ ਰਹੇਗੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਿਹਤ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਪੀ ਡੀ ਏ ਦੇ ਮੁੱਖ ਪ੍ਰਸ਼ਾਸ਼ਕ ਮਿਸ ਅਪਰਨਾ, ਚੀਫ਼ ਇੰਜੀਨੀਅਰ ਅਜੇ ਗਰਗ, ਐਸ ਈ ਵਰੁਣ ਗਰਗ, ਐਕਸੀਅਨ ਇੰਜ: ਮੁਨੀਸ਼ ਮਹਿਤਾ, ਐਸ ਡੀ ਈ ਇੰਜ: ਰਾਜੀਵ ਕੁਮਾਰ, ਜੇ ਈ ਇੰਜ: ਅਵਤਾਰ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here