ਜ਼ਿਲ੍ਹਾ ਚੋਣ ਅਫ਼ਸਰ ਨੇ ਨਹਿਰੂ ਮੈਮੋਰੀਅਲ ਕਾਲਜ ਦਾ ਕੀਤਾ ਦੌਰਾ
26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
1 ਲੱਖ 27 ਹਜ਼ਾਰ 886 ਵੋਟਰ ਕਰਨਗੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ
ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ
ਮਾਨਸਾ: ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ 26 ਮਈ ਨੂੰ ਜ਼ਿਲ੍ਹਾ ਮਾਨਸਾ ਦੀਆਂ ਤਿੰਨ ਨਗਰ ਕੌਂਸਲਾਂ ਤੇ ਦੋ ਨਗਰ ਪੰਚਾਇਤਾਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਅੱਜ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਿਮਰਪ੍ਰੀਤ ਕੌਰ ਸਮੇਤ ਚੋਣ ਅਮਲੇ ਨੂੰ ਚੋਣ ਸਮੱਗਰੀ ਦੀ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਨ ਮਗਰੋਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ- ਕਮ -ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ.ਏ.ਐਸ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਅੱਜ ਸਬੰਧਤ ਸੈਂਟਰਾਂ ਤੋਂ ਚੋਣ ਸਮੱਗਰੀ ਸਮੇਤ ਆਪੋ ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਹੋ ਕੇ ਸ਼ਾਮ ਤੱਕ ਓਥੇ ਪੁੱਜ ਜਾਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨਾਲ ਸਬੰਧਤ 1 ਲੱਖ 27 ਹਜ਼ਾਰ 886 ਵੋਟਰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਨਸਾ ਵਿਖੇ 34 ਹਜ਼ਾਰ 807 ਮਰਦ ਵੋਟਰ, 31 ਹਜ਼ਾਰ 617 ਮਹਿਲਾ ਵੋਟਰ, ਬੁਢਲਾਡਾ ਵਿਖੇ 15 ਹਜ਼ਾਰ 811 ਮਰਦ ਵੋਟਰ, 14 ਹਜ਼ਾਰ 507 ਮਹਿਲਾ ਵੋਟਰ ਤੇ 2 ਟਰਾਂਸਜੈਂਡਰ, ਬਰੇਟਾ ਵਿਖੇ 7458 ਮਰਦ ਵੋਟਰ, 6784 ਮਹਿਲਾ ਵੋਟਰ ਤੇ 1 ਟਰਾਂਸਜੈਂਡਰ, ਜੋਗਾ ਵਿਖੇ 3847 ਮਰਦ ਵੋਟਰ, 3536 ਮਹਿਲਾ ਵੋਟਰ ਤੇ ਨਗਰ ਪੰਚਾਇਤ ਬੋਹਾ ਵਿਖੇ 4975 ਮਰਦ ਵੋਟਰ, 4540 ਮਹਿਲਾ ਵੋਟਰ ਤੇ 1 ਟਰਾਂਸਜੈਂਡਰ ਵੋਟਰ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਕੁੱਲ 308 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ ਵਿੱਚ 61 ਪੋਲਿੰਗ ਬੂਥ ਬਣਾਏ ਗਏ ਹਨ ਜਦਕਿ ਬੁਢਲਾਡਾ ਦੇ 19 ਵਾਰਡਾਂ ਵਿੱਚ 36 ਪੋਲਿੰਗ ਬੂਥ, ਬਰੇਟਾ ਦੇ 13 ਵਾਰਡਾਂ ਵਿੱਚ 14 ਪੋਲਿੰਗ ਬੂਥ, ਨਗਰ ਪੰਚਾਇਤ ਜੋਗਾ ਦੇ 13 ਵਾਰਡਾਂ ਵਿੱਚ 13 ਪੋਲਿੰਗ ਬੂਥ ਅਤੇ ਬੋਹਾ ਦੇ 13 ਵਾਰਡਾਂ ਵਿੱਚ 13 ਪੋਲਿੰਗ ਬੂਥ ਬਣਾਏ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਤਾਂ ਜੋ ਵੋਟਿੰਗ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਬਣੀ ਰਹੇ ਅਤੇ ਕੋਈ ਵੀ ਸ਼ਰਾਰਤੀ ਅਨਸਰ ਅਮਨ ਤੇ ਕਾਨੂੰਨ ਦੀ ਉਲੰਘਣਾ ਨਾ ਕਰ ਸਕੇ।








