Monday, August 17, 2026
Home Punjab ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਾਸੀਆਂ ਨੂੰ 24 ਜੁਲਾਈ ਤੱਕ ਵੋਟਰ...

ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਵਾਸੀਆਂ ਨੂੰ 24 ਜੁਲਾਈ ਤੱਕ ਵੋਟਰ ਤਸਦੀਕ ਫਾਰਮ ਭਰਨ ਦੀ ਅਪੀਲ

0
22

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨੂੰ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (SIR)-2026 ਤਹਿਤ ਆਪਣੀ ਵੋਟ ਦੀ ਤਸਦੀਕ ਲਈ ਗਣਨਾ (ਐਨਿਊਮਰੇਸ਼ਨ) ਫਾਰਮ ਭਰਨ ਦੀ ਅਪੀਲ ਕੀਤੀ ਹੈ। ਖੁਦ ਆਪਣਾ ਫਾਰਮ ਭਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਭਗ 90 ਫੀਸਦੀ ਵੋਟਰਾਂ ਦੀ ਮੈਪਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਰਕਾਰ ਕਿਸੇ ਵੀ ਅਸਲੀ ਵੋਟਰ ਦਾ ਨਾਮ ਸੂਚੀ ਵਿੱਚੋਂ ਕੱਟਣ ਨਹੀਂ ਦੇਵੇਗੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 25 ਜੂਨ ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਅਤੇ ਗਣਨਾ ਫਾਰਮ ਭਰਨ ਦੀ ਪ੍ਰਕਿਰਿਆ ਪੂਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਵੋਟਰਾਂ ਦੀ ਮੈਪਿੰਗ ਵੀ ਜੰਗੀ ਪੱਧਰ ‘ਤੇ ਜਾਰੀ ਹੈ।

ਮੁੱਖ ਮੰਤਰੀ ਨੇ ਇਸ ਮੁਹਿੰਮ ਵਿੱਚ ਲੱਗੇ ਬੀਐਲਓਜ਼ ਅਤੇ ਚੋਣ ਕਮਿਸ਼ਨ ਦੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਇਹ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਐਲਓ ਘਰ-ਘਰ ਜਾ ਕੇ ਗਣਨਾ ਫਾਰਮ ਦੇ ਰਹੇ ਹਨ ਅਤੇ ਲੋਕਾਂ ਨੂੰ ਫਾਰਮ ਭਰਨ ਵਿੱਚ ਮਦਦ ਵੀ ਕਰ ਰਹੇ ਹਨ। ਇਸ ਪ੍ਰਕਿਰਿਆ ਦੌਰਾਨ ਵੋਟਰਾਂ ਤੋਂ ਕੋਈ ਵਾਧੂ ਦਸਤਾਵੇਜ਼ ਨਹੀਂ ਮੰਗੇ ਜਾ ਰਹੇ, ਸਿਰਫ਼ ਮੌਜੂਦਾ ਵੇਰਵਿਆਂ ਦੀ ਤਸਦੀਕ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਘਰ ਵਿੱਚ ਕੋਈ ਨਹੀਂ ਮਿਲਦਾ ਤਾਂ ਬੀਐਲਓ ਸੂਚਨਾ ਪਰਚੀ ਅਤੇ ਸਟਿੱਕਰ ਲਗਾਉਣਗੇ ਅਤੇ ਘੱਟੋ-ਘੱਟ ਤਿੰਨ ਵਾਰ ਉਸ ਘਰ ਵਿੱਚ ਫੇਰੀ ਪਾਉਣਗੇ। ਮੁੱਖ ਮੰਤਰੀ ਨੇ ਲੋਕਾਂ ਨੂੰ ਸਮੇਂ ਸਿਰ ਫਾਰਮ ਜਮ੍ਹਾਂ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਰਫ਼ ਉਹਨਾਂ ਵੋਟਰਾਂ ਦੇ ਨਾਮ ਹੀ ਖਰੜਾ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੇ ਫਾਰਮ ਜਮ੍ਹਾਂ ਹੋਣਗੇ।

ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਫਾਰਮ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਦੀ ਸਥਿਤੀ ਬਾਰੇ ਗੁਆਂਢੀਆਂ ਤੋਂ ਜਾਣਕਾਰੀ ਲਈ ਜਾਵੇਗੀ ਅਤੇ ਅਜਿਹੇ ਮਾਮਲਿਆਂ ਨੂੰ ਗੈਰ-ਹਾਜ਼ਰ, ਸ਼ਿਫਟ ਹੋ ਚੁੱਕੇ, ਮ੍ਰਿਤਕ ਜਾਂ ਦੋਹਰੀ ਵੋਟ ਵਾਲੇ ਵੋਟਰਾਂ ਦੀਆਂ ਸ਼੍ਰੇਣੀਆਂ ਵਿੱਚ ਦਰਜ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਵੋਟਰ ਸੂਚੀ ਦਾ ਖਰੜਾ 3 ਅਗਸਤ 2026 ਨੂੰ ਜਾਰੀ ਕੀਤਾ ਜਾਵੇਗਾ। ਜਿਹੜੇ ਲੋਕ ਇਸ ਤੋਂ ਪਹਿਲਾਂ ਫਾਰਮ ਜਮ੍ਹਾਂ ਨਹੀਂ ਕਰਵਾ ਸਕਣਗੇ, ਉਹ 3 ਅਗਸਤ ਤੋਂ 2 ਸਤੰਬਰ ਤੱਕ ਫਾਰਮ-6 ਅਤੇ ਡੈਕਲਾਰੇਸ਼ਨ ਫਾਰਮ ਰਾਹੀਂ ਆਪਣਾ ਦਾਅਵਾ ਪੇਸ਼ ਕਰ ਸਕਣਗੇ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਹਰ ਯੋਗ ਵੋਟਰ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਅਸਲੀ ਵੋਟਰ ਦਾ ਨਾਮ ਗੈਰ-ਕਾਨੂੰਨੀ ਢੰਗ ਨਾਲ ਵੋਟਰ ਸੂਚੀ ਵਿੱਚੋਂ ਨਹੀਂ ਕੱਟਿਆ ਜਾਵੇਗਾ। ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਇਸ ਪ੍ਰਕਿਰਿਆ ਵਿੱਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here