ਉੱਤਰਾਖੰਡ: ਦੇਵਭੂਮੀ ਉੱਤਰਾਖੰਡ ਵਿੱਚ ਹਰ ਸਾਲ ਹੋਣ ਵਾਲੀ ਪਵਿੱਤਰ ਚਾਰ ਧਾਮ ਯਾਤਰਾ 2026 ਵਿੱਚ 19 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ ‘ਤੇ ਯੰਮੋਤਰੀ ਅਤੇ ਗੰਗੋਤਰੀ ਦੇ ਦਰਵਾਜ਼ੇ ਸਭ ਤੋਂ ਪਹਿਲਾਂ ਖੁੱਲ੍ਹਣਗੇ। ਇਸ ਤੋਂ ਬਾਅਦ ਕੇਦਾਰਨਾਥ 22 ਅਪ੍ਰੈਲ ਸਵੇਰੇ 8 ਵਜੇ ਅਤੇ ਬਦਰੀਨਾਥ 23 ਅਪ੍ਰੈਲ ਸਵੇਰੇ 6:15 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਇਹ ਯਾਤਰਾ ਭਗਵਾਨ ਸ਼ਿਵ, ਵਿਸ਼ਨੂੰ ਅਤੇ ਗੰਗਾ-ਯਮੁਨਾ ਮਾਤਾ ਦੀ ਅਰਾਧਨਾ ਦਾ ਵਿਲੱਖਣ ਮੌਕਾ ਮੰਨੀ ਜਾਂਦੀ ਹੈ।
ਚਾਰ ਧਾਮ ਯਾਤਰਾ ਹਿੰਦੂ ਧਰਮ ਵਿੱਚ ਮੁਕਤੀ ਪ੍ਰਾਪਤੀ ਦਾ ਮਹੱਤਵਪੂਰਨ ਮਾਰਗ ਮੰਨੀ ਜਾਂਦੀ ਹੈ, ਜੋ ਹਿਮਾਲਿਆ ਦੀ ਸੁੰਦਰਤਾ ਅਤੇ ਆਸਥਾ ਦਾ ਅਦਭੁੱਤ ਮਿਲਾਪ ਹੈ। ਯਾਤਰਾ ਦੌਰਾਨ ਸ਼ਰਧਾਲੂ ਪਹਿਲਾਂ ਯਮੁਨੋਤਰੀ ਅਤੇ ਗੰਗੋਤਰੀ ਤੋਂ ਸ਼ੁਰੂ ਕਰਦੇ ਹਨ ਅਤੇ ਫਿਰ ਕੇਦਾਰਨਾਥ ਤੇ ਬਦਰੀਨਾਥ ਧਾਮ ਤੱਕ ਪਹੁੰਚਦੇ ਹਨ। ਇਸ ਸਾਲ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ, ਜਦਕਿ ਹੁਣ ਤੱਕ 18 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀਆਂ ਹਨ। ਕੇਦਾਰਨਾਥ ਲਈ ਸਭ ਤੋਂ ਵੱਧ ਲਗਭਗ 5.96 ਲੱਖ, ਬਦਰੀਨਾਥ ਲਈ 5.10 ਲੱਖ, ਗੰਗੋਤਰੀ ਲਈ 3.06 ਲੱਖ ਅਤੇ ਯਮੁਨੋਤਰੀ ਲਈ ਕਰੀਬ 2.98 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਇਲਾਵਾ ਹੇਮਕੁੰਡ ਲਈ ਵੀ 16 ਹਜ਼ਾਰ ਤੋਂ ਵੱਧ ਰਜਿਸਟ੍ਰੇਸ਼ਨ ਦਰਜ ਕੀਤੀਆਂ ਗਈਆਂ ਹਨ।
ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਔਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਮ ਕੱਪੜੇ, ਦਵਾਈਆਂ ਅਤੇ ਜ਼ਰੂਰੀ ਸਾਮਾਨ ਨਾਲ ਜਾਣ ਦੀ ਸਲਾਹ ਦਿੱਤੀ ਗਈ ਹੈ। ਉੱਚਾਈ ਵਾਲੇ ਇਲਾਕੇ ਵਿੱਚ ਯਾਤਰਾ ਕਰਨ ਲਈ ਧੀਰੇ-ਧੀਰੇ ਚੜ੍ਹਾਈ ਕਰਨੀ ਚਾਹੀਦੀ ਹੈ, ਤਾਂ ਜੋ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਸਰਕਾਰ ਅਤੇ ਮੰਦਰ ਪ੍ਰਬੰਧਕ ਹਰ ਸਾਲ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕਰਦੇ ਹਨ, ਜਿਸ ਨਾਲ ਇਹ ਯਾਤਰਾ ਆਸਥਾ ਦੇ ਨਾਲ-ਨਾਲ ਕੁਦਰਤੀ ਸੁੰਦਰਤਾ ਦਾ ਅਨੁਭਵ ਵੀ ਬਣਦੀ ਹੈ।








