Tuesday, August 11, 2026
Home Punjab ਚੰਡੀਗੜ੍ਹ ਪੁਲਿਸ ਵੱਲੋਂ ਵੱਡੀ ਕਾਰਵਾਈ, ਹਥਿਆਰ ਤਸਕਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਚੰਡੀਗੜ੍ਹ ਪੁਲਿਸ ਵੱਲੋਂ ਵੱਡੀ ਕਾਰਵਾਈ, ਹਥਿਆਰ ਤਸਕਰੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

0
1

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਗੈਂਗਸਟਰ ਨੈੱਟਵਰਕ ਨਾਲ ਜੁੜੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੀਪਕ ਨੰਦਲ ਦੇ ਮੋਡਿਊਲ ਨਾਲ ਜੁੜੇ ਤਿੰਨ ਕਥਿਤ ਸ਼ੂਟਰਾਂ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਉਣ ਵਾਲੇ ਇੱਕ ਮੁੱਖ ਹਥਿਆਰ ਤਸਕਰ ਸਮੇਤ ਕੁੱਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਕਾਰਵਾਈ ਨਾਲ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਹੋਣ ਵਾਲੀ ਇੱਕ ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ ਹੋ ਗਈ।

ਪੁਲਿਸ ਅਨੁਸਾਰ 3 ਅਗਸਤ 2026 ਨੂੰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਤਹਿਤ ਏਐੱਸਆਈ ਕੇਸ਼ਵ ਦੀ ਅਗਵਾਈ ਵਿੱਚ ਆਪ੍ਰੇਸ਼ਨ ਸੈੱਲ ਦੀ ਟੀਮ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਅਜੇ, ਰੋਹਿਤ ਅਤੇ ਦੇਵ, ਤਿੰਨਾਂ ਵਾਸੀ ਜੀਂਦ, ਹਰਿਆਣਾ ਅਤੇ ਉਮਰ 18-19 ਸਾਲ, ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਵਿਦੇਸ਼ੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ।

ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਕਥਿਤ ਮੁੱਖ ਹਥਿਆਰ ਤਸਕਰ ਨਿਸ਼ਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਨਿਸ਼ਾਨ ਸਿੰਘ ਕਥਿਤ ਤੌਰ ’ਤੇ ਪਾਕਿਸਤਾਨੀ ਹਥਿਆਰ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਡਰੋਨ ਰਾਹੀਂ ਆਉਣ ਵਾਲੀਆਂ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ।

ਪੁਲਿਸ ਮੁਤਾਬਕ ਇਹ ਹਥਿਆਰ ਅੱਗੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੀਪਕ ਨੰਦਲ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸ਼ੂਟਰਾਂ ਤੱਕ ਪਹੁੰਚਾਏ ਜਾਂਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ UAE ਵਿੱਚ ਰਹਿੰਦੇ ਅਰੁਣ ਨਾਮ ਦੇ ਵਿਅਕਤੀ ਰਾਹੀਂ ਦੀਪਕ ਨੰਦਲ ਨੇ ਕਥਿਤ ਤੌਰ ’ਤੇ ਤਿੰਨਾਂ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਮੋਡਿਊਲ ਨਾਲ ਜੋੜਿਆ ਸੀ।

ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਗੁਰੂਗ੍ਰਾਮ ਵਿੱਚ ਇੱਕ ਨਿਸ਼ਾਨੇ ਦੀ ਰੇਕੀ ਵੀ ਕੀਤੀ ਸੀ ਅਤੇ ਫਾਇਰਿੰਗ ਕਰਕੇ ਜਬਰਨ ਵਸੂਲੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ।

ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਜ਼ਿਗਾਨਾ ਪਿਸਤੌਲ, 2 PX3 ਪਿਸਤੌਲ, 2 ਮੈਗਜ਼ੀਨ ਅਤੇ .30 ਬੋਰ ਦੇ 19 ਜ਼ਿੰਦਾ ਕਾਰਤੂਸ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਥਾਣਾ ਸੈਕਟਰ-31, ਚੰਡੀਗੜ੍ਹ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮਾਮਲਾ ਦਰਜ ਕਰਕੇ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here