ਮਾਲੇਰਕੋਟਲਾ, 26 ਮਈ :
ਪ੍ਰਸਿੱਧ ਭਾਰਤੀ ਟੈਲੀਵਿਜ਼ਨ ਸੀਰੀਅਲ “ ਦੀਆ ਔਰ ਬਾਤੀ ਹਮ ” ਵਿੱਚ “ਸੂਰਜ ਰਾਠੀ” ਦੇ ਕਿਰਦਾਰ ਨਾਲ ਘਰ-ਘਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਅਨਾਸ ਰਾਸ਼ਿਦ ਨੇ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਜਨਗਣਨਾ ਦੌਰਾਨ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਅਨਾਸ ਰਾਸ਼ਿਦ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਨਗਣਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ 15 ਮਈ 2026 ਤੋਂ ਕਰ ਦਿੱਤੀ ਗਈ ਹੈ, ਜੋ 13 ਜੂਨ 2026 ਤੱਕ ਜਾਰੀ ਰਹੇਗੀ। ਇਸ ਦੌਰਾਨ ਗਿਣਤੀ ਕਰਨ ਵਾਲੇ ਕਰਮਚਾਰੀ (ਗਿਣਤੀਕਾਰ) ਹਰ ਘਰ ਦਾ ਦੌਰਾ ਕਰਕੇ 33 ਸਵਾਲਾਂ ਰਾਹੀਂ ਜਾਣਕਾਰੀ ਇਕੱਠੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਜਨਗਣਨਾ ਪਹਿਲੀ ਵਾਰ ਪੂਰੀ ਤਰ੍ਹਾਂ ਡਿਜ਼ਿਟਲ ਢੰਗ ਨਾਲ ਕਰਵਾਈ ਜਾ ਰਹੀ ਹੈ ਅਤੇ ਸਾਰਾ ਡਾਟਾ ਆਨਲਾਈਨ ਭਰਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਨਗਣਨਾ ਦੌਰਾਨ ਘਰਾਂ ਨਾਲ ਸੰਬੰਧਿਤ ਮੁਢਲੀਆਂ ਸਹੂਲਤਾਂ ਜਿਵੇਂ ਕੱਚਾ ਘਰ ਹੋਣਾ, ਟਾਇਲਟ ਜਾਂ ਬਾਥਰੂਮ ਦੀ ਘਾਟ ਅਤੇ ਹੋਰ ਬੁਨਿਆਦੀ ਲੋੜਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ, ਤਾਂ ਜੋ ਸਰਕਾਰ ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਲੋਕ ਭਲਾਈ ਨਾਲ ਸੰਬੰਧਿਤ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਅਤੇ ਲਾਗੂ ਕਰ ਸਕੇ। ਅਨਾਸ ਰਾਸ਼ਿਦ ਨੇ ਕਿਹਾ ਕਿ ਮਾਲੇਰਕੋਟਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਘਰ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ ਅਤੇ ਹਰ ਪਰਿਵਾਰ ਦਾ ਵੇਰਵਾ ਰਿਕਾਰਡ ਵਿੱਚ ਦਰਜ ਹੋ ਸਕੇ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, “ਜੇਕਰ ਸਰਕਾਰ ਵੱਲੋਂ ਨਿਯੁਕਤ ਗਿਣਤੀਕਾਰ ਤੁਹਾਡੇ ਘਰ ਆਉਂਦੇ ਹਨ ਤਾਂ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇ ਕੇ ਦੇਸ਼ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਓ। ਇਸ ਸਾਲ ਦੀ ਜਨਗਣਨਾ ਪਿਛਲੀਆਂ ਜਨਗਣਨਾਵਾਂ ਨਾਲੋਂ ਵਿਲੱਖਣ ਹੈ ਕਿਉਂਕਿ ਪੂਰੀ ਪ੍ਰਕਿਰਿਆ ਡਿਜ਼ਿਟਲ ਅਤੇ ਆਨਲਾਈਨ ਢੰਗ ਨਾਲ ਕੀਤੀ ਜਾ ਰਹੀ ਹੈ।”
ਉਨ੍ਹਾਂ ਕਿਹਾ ਕਿ ਜਨਗਣਨਾ ਸਿਰਫ਼ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਦੇਸ਼ ਦੀ ਤਰੱਕੀ ਅਤੇ ਭਵਿੱਖ ਦੀ ਯੋਜਨਾਬੰਦੀ ਦਾ ਮਜ਼ਬੂਤ ਆਧਾਰ ਹੈ। ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਜਨਗਣਨਾ ਟੀਮਾਂ ਨਾਲ ਪੂਰਾ ਸਹਿਯੋਗ ਕਰੇ ।








