ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬ੍ਰੈਂਪਟਨ ਵਿੱਚ ਕਿਰਾਏ ਦੇ ਨਾਂ ‘ਤੇ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਨੇ 27 ਸਾਲਾ ਮਹਿਲਾ ਸਵਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਸੋਸ਼ਲ ਮੀਡੀਆ ਰਾਹੀਂ ਘਰਾਂ ਅਤੇ ਬੇਸਮੈਂਟਾਂ ਦੇ ਜਾਅਲੀ ਇਸ਼ਤਿਹਾਰ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਇੱਕੋ ਬੇਸਮੈਂਟ ਸਮੇਤ ਕਈ ਜਾਇਦਾਦਾਂ ਨੂੰ ਵੱਖ-ਵੱਖ ਲੋਕਾਂ ਨੂੰ ਕਿਰਾਏ ‘ਤੇ ਦੇਣ ਦਾ ਝਾਂਸਾ ਦਿੱਤਾ ਅਤੇ ਕਈ ਮਾਮਲਿਆਂ ਵਿੱਚ ਇੱਕੋ ਜਗ੍ਹਾ ਲਈ ਕਈ ਲੋਕਾਂ ਤੋਂ ਪੈਸੇ ਵਸੂਲ ਕੀਤੇ।
ਪੁਲਿਸ ਮੁਤਾਬਕ, ਮਈ 2025 ਤੋਂ ਫਰਵਰੀ 2026 ਦਰਮਿਆਨ ਮੁਲਜ਼ਮ ਨੇ ਆਨਲਾਈਨ ਪਲੇਟਫਾਰਮਾਂ ‘ਤੇ ਕਿਰਾਏ ਲਈ ਬੇਸਮੈਂਟ ਅਤੇ ਹੋਰ ਰਿਹਾਇਸ਼ੀ ਯੂਨਿਟਾਂ ਦੇ ਇਸ਼ਤਿਹਾਰ ਪੋਸਟ ਕੀਤੇ। ਪੀੜਤਾਂ ਤੋਂ ਪਹਿਲੇ ਅਤੇ ਆਖ਼ਰੀ ਮਹੀਨੇ ਦਾ ਕਿਰਾਇਆ ਅਤੇ ਸੁਰੱਖਿਆ ਰਕਮ ਪਹਿਲਾਂ ਹੀ ਲੈ ਲਈ ਜਾਂਦੀ ਸੀ। ਜਦੋਂ ਲੋਕ ਆਪਣਾ ਸਮਾਨ ਲੈ ਕੇ ਰਹਿਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਜਾਇਦਾਦ ਜਾਂ ਤਾਂ ਪਹਿਲਾਂ ਹੀ ਕਿਸੇ ਹੋਰ ਨੂੰ ਦਿੱਤੀ ਜਾ ਚੁੱਕੀ ਸੀ ਜਾਂ ਕਿਰਾਏ ਲਈ ਉਪਲਬਧ ਹੀ ਨਹੀਂ ਸੀ। ਕਈ ਪੀੜਤ ਆਪਣੇ ਪੁਰਾਣੇ ਘਰ ਵੀ ਛੱਡ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਾਂਚ ਵਿੱਚ ਹੁਣ ਤੱਕ 17 ਅਜਿਹੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਪੀੜਤਾਂ ਨੂੰ ਕੁੱਲ ਮਿਲਾ ਕੇ 60 ਹਜ਼ਾਰ ਕੈਨੇਡੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਮਹਿਲਾ ਨੂੰ 38 ਧੋਖਾਧੜੀ ਦੇ ਦੋਸ਼ਾਂ ਅਤੇ ਇੱਕ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜ਼ਮਾਨਤ ‘ਤੇ ਸੁਣਵਾਈ ਹੋ ਰਹੀ ਹੈ।
ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਾਏ ‘ਤੇ ਘਰ ਜਾਂ ਬੇਸਮੈਂਟ ਲੈਣ ਤੋਂ ਪਹਿਲਾਂ ਜਾਇਦਾਦ ਦੀ ਖੁਦ ਜਾਂਚ ਕਰਨ, ਮਾਲਕ ਦੀ ਪਛਾਣ ਦੀ ਪੁਸ਼ਟੀ ਕਰਨ ਅਤੇ ਲੀਜ਼ ਸਾਈਨ ਕੀਤੇ ਬਿਨਾਂ ਕਿਸੇ ਵੀ ਤਰ੍ਹਾਂ ਦੀ ਅਗਾਊਂ ਰਕਮ ਦਾ ਭੁਗਤਾਨ ਨਾ ਕਰਨ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਪੀੜਤ ਵੀ ਸਾਹਮਣੇ ਆ ਸਕਦੇ ਹਨ ਅਤੇ ਜਾਂਚ ਅਜੇ ਵੀ ਜਾਰੀ ਹੈ।







