ਪਾਕਿਸਤਾਨ ਦੇ ਕਰਾਕੋਰਮ ਪਹਾੜੀ ਇਲਾਕੇ ਵਿੱਚ ਸਥਿਤ 8,047 ਮੀਟਰ ਉੱਚੇ ਬਰਾਡ ਪੀਕ ‘ਤੇ ਆਏ ਭਿਆਨਕ ਹਿਮਸਖਲਨ ਤੋਂ ਬਾਅਦ ਬਚਾਅ ਟੀਮਾਂ ਨੇ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਇਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਇਸੇ ਦੌਰਾਨ ਪ੍ਰਸਿੱਧ ਨੇਪਾਲੀ ਮੂਲ ਦੇ ਪਰਬਤਾਰੋਹੀ ਨਿਰਮਲ ਪੁਰਜਾ ਸਮੇਤ ਕਈ ਮੈਂਬਰ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਅਲਪਾਈਨ ਕਲੱਬ ਆਫ ਪਾਕਿਸਤਾਨ ਮੁਤਾਬਕ ਹਿਮਸਖਲਨ ਵੀਰਵਾਰ ਦੁਪਹਿਰ ਉਸ ਵੇਲੇ ਆਇਆ ਜਦੋਂ ਨਿਰਮਲ ਪੁਰਜਾ ਦੀ ਅਗਵਾਈ ਹੇਠ 10 ਮੈਂਬਰੀ ਅੰਤਰਰਾਸ਼ਟਰੀ ਟੀਮ ਬਰਾਡ ਪੀਕ ‘ਤੇ ਚੜ੍ਹਾਈ ਕਰ ਰਹੀ ਸੀ। ਘਟਨਾ ਤੋਂ ਬਾਅਦ ਪੂਰੀ ਟੀਮ ਨਾਲ ਸੰਪਰਕ ਟੁੱਟ ਗਿਆ ਸੀ।
ਲਾਪਤਾ ਮੈਂਬਰਾਂ ਵਿੱਚ ਨਿਰਮਲ ਪੁਰਜਾ ਤੋਂ ਇਲਾਵਾ ਨੇਪਾਲ ਦੇ ਪੁਰ ਬਹਾਦੁਰ ਗੁਰੂੰਗ, ਕਿਲੀ ਪੇਂਬਾ ਸ਼ੇਰਪਾ, ਨਿਮਾ ਸ਼ੇਰਪਾ ਅਤੇ ਨਾਵਾਂਗ ਥਿੰਦੂ ਸ਼ੇਰਪਾ ਸ਼ਾਮਲ ਹਨ। ਟੀਮ ਵਿੱਚ ਪਾਕਿਸਤਾਨ ਦੇ ਸੋਹੇਲ ਸਾਖੀ, ਚੀਨ ਦੇ ਵਾਂਗ ਝੋਂਗ, ਅਮਰੀਕਾ ਦੀ ਮੈਲੋਰੀ ਗੀਸ, ਓਮਾਨ ਦੇ ਅਹਿਮਦ ਅਬਦੁੱਲਾ ਅਲ ਹਾਰਥੀ ਅਤੇ ਇੱਕ ਹੋਰ ਵਿਦੇਸ਼ੀ ਪਰਬਤਾਰੋਹੀ ਵੀ ਸ਼ਾਮਲ ਸਨ।
ਅਲਪਾਈਨ ਕਲੱਬ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਮੌਸਮ ਅਨੁਕੂਲ ਰਹਿਣ ‘ਤੇ ਹੈਲੀਕਾਪਟਰਾਂ ਅਤੇ ਹੋਰ ਸਾਰੇ ਉਪਲਬਧ ਸਰੋਤਾਂ ਦੀ ਮਦਦ ਨਾਲ ਲਾਪਤਾ ਪਰਬਤਾਰੋਹੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਦੁਨੀਆ ਦੀ 12ਵੀਂ ਸਭ ਤੋਂ ਉੱਚੀ ਚੋਟੀ ਬਰਾਡ ਪੀਕ, 8,000 ਮੀਟਰ ਤੋਂ ਉੱਚੀਆਂ 14 ਚੋਟੀਆਂ ਵਿੱਚੋਂ ਇੱਕ ਹੈ। ਨਿਰਮਲ ਪੁਰਜਾ ਨੇ 2019 ਵਿੱਚ ਸਿਰਫ਼ ਛੇ ਮਹੀਨਿਆਂ ਤੋਂ ਕੁਝ ਵੱਧ ਸਮੇਂ ਵਿੱਚ ਦੁਨੀਆ ਦੀਆਂ ਸਾਰੀਆਂ 14 ਅੱਠ ਹਜ਼ਾਰੀ ਚੋਟੀਆਂ ਫਤਹ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੂਬ ਪ੍ਰਸਿੱਧੀ ਹਾਸਲ ਕੀਤੀ ਸੀ।






