Thursday, July 16, 2026
Home Punjab ਖੰਨਾ ਵਿੱਚ ਇੱਟਾਂ ਦੀਆਂ ਕੀਮਤਾਂ ਵਧੀਆਂ, ਭੱਠਾ ਉਦਯੋਗ ਸੰਕਟ ਵਿੱਚ, ਉਸਾਰੀ ਖੇਤਰ...

ਖੰਨਾ ਵਿੱਚ ਇੱਟਾਂ ਦੀਆਂ ਕੀਮਤਾਂ ਵਧੀਆਂ, ਭੱਠਾ ਉਦਯੋਗ ਸੰਕਟ ਵਿੱਚ, ਉਸਾਰੀ ਖੇਤਰ ‘ਤੇ ਅਸਰ

0
41

ਖੰਨਾ: ਖੰਨਾ ਵਿੱਚ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਭੱਠਾ ਮਾਲਕਾਂ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਇੱਟਾਂ ਦੀ ਕੀਮਤ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਹੁਣ ਇੱਟਾਂ 8,800 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਵੇਚੀਆਂ ਜਾਣਗੀਆਂ। ਭੱਠਾ ਮਾਲਕਾਂ ਨੇ ਇਸ ਵਾਧੇ ਦਾ ਮੁੱਖ ਕਾਰਨ ਕੋਲੇ ਦੀ ਲਗਾਤਾਰ ਚੜ੍ਹਦੀ ਕੀਮਤ ਨੂੰ ਦੱਸਿਆ ਹੈ, ਜਿਸ ਨਾਲ ਉਤਪਾਦਨ ਲਾਗਤ ਕਾਫੀ ਵਧ ਗਈ ਹੈ।

ਲੁਧਿਆਣਾ ਜ਼ਿਲ੍ਹਾ ਇੱਟਾਂ ਦੇ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਅਤੇ ਖੰਨਾ ਯੂਨਿਟ ਦੇ ਪ੍ਰਧਾਨ ਹਰਪਾਲ ਸਿੰਘ ਔਜਲਾ ਨੇ ਕਿਹਾ ਕਿ ਇਸ ਵੇਲੇ ਭੱਠਾ ਉਦਯੋਗ ਗੰਭੀਰ ਸੰਕਟ ਵਿੱਚ ਹੈ। ਉਨ੍ਹਾਂ ਮੁਤਾਬਕ, ਲਗਭਗ 50 ਪ੍ਰਤੀਸ਼ਤ ਭੱਠੇ ਪਹਿਲਾਂ ਹੀ ਬੰਦ ਹੋ ਚੁੱਕੇ ਹਨ ਅਤੇ ਜੋ ਚੱਲ ਰਹੇ ਹਨ ਉਹ ਵੀ ਘਾਟੇ ਵਿੱਚ ਹਨ। ਕੋਲੇ ਦੀ ਕੀਮਤ ਹੁਣ 20,000 ਰੁਪਏ ਪ੍ਰਤੀ ਟਨ ਤੋਂ ਵੱਧ ਹੋ ਚੁੱਕੀ ਹੈ, ਜੋ ਪਹਿਲਾਂ ਲਗਭਗ 10,500 ਤੋਂ 11,500 ਰੁਪਏ ਪ੍ਰਤੀ ਟਨ ਸੀ, ਜਿਸ ਨਾਲ ਉਤਪਾਦਨ ਦੀ ਲਾਗਤ ਲਗਭਗ ਦੁੱਗਣੀ ਹੋ ਗਈ ਹੈ।

ਭੱਠਾ ਮਾਲਕਾਂ ਨੇ ਦੋਸ਼ ਲਗਾਇਆ ਕਿ ਵੱਡੇ ਕਾਰਪੋਰੇਟ ਘਰਾਣੇ ਮਨਮਾਨੇ ਰੇਟ ਤੈਅ ਕਰ ਰਹੇ ਹਨ ਅਤੇ ਛੋਟੇ ਮਾਲਕਾਂ ‘ਤੇ ਇਹ ਭਾਰ ਪਾ ਰਹੇ ਹਨ। ਇਸ ਤੋਂ ਇਲਾਵਾ ਜੀ.ਐਸ.ਟੀ. ਵਿੱਚ 5 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਤੱਕ ਵਾਧਾ ਅਤੇ ਭੱਠਿਆਂ ਵਿੱਚ 20 ਤੋਂ 50 ਪ੍ਰਤੀਸ਼ਤ ਪਰਾਲੀ ਦੀ ਲਾਜ਼ਮੀ ਵਰਤੋਂ ਨੇ ਵੀ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ। ਮਾਲਕਾਂ ਦਾ ਕਹਿਣਾ ਹੈ ਕਿ ਪਰਾਲੀ ਦੀ ਵਰਤੋਂ ਨਾਲ ਇੱਟਾਂ ਦੀ ਗੁਣਵੱਤਾ ‘ਤੇ ਅਸਰ ਪੈਂਦਾ ਹੈ ਅਤੇ ਉਤਪਾਦਨ ਵਿੱਚ ਦਿੱਕਤਾਂ ਆ ਰਹੀਆਂ ਹਨ।

ਇਨ੍ਹਾਂ ਸਾਰੀਆਂ ਸਮੱਸਿਆਵਾਂ ਕਾਰਨ ਕਈ ਭੱਠਾ ਮਾਲਕਾਂ ਨੇ ਆਪਣੇ ਭੱਠੇ ਲੰਬੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦਾ ਸਿੱਧਾ ਅਸਰ ਉਸਾਰੀ ਖੇਤਰ ਅਤੇ ਆਮ ਜਨਤਾ ‘ਤੇ ਪੈ ਰਿਹਾ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਵਿੱਚ ਇੱਟਾਂ ਦੀ ਕੀਮਤ 800 ਤੋਂ 1200 ਰੁਪਏ ਪ੍ਰਤੀ ਹਜ਼ਾਰ ਤੱਕ ਵਧ ਗਈ ਹੈ। ਇਸ ਨਾਲ ਘਰ ਬਣਾਉਣ ਵਾਲਿਆਂ ਅਤੇ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਭੱਠਾ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਲੇ ਦੀਆਂ ਕੀਮਤਾਂ ‘ਤੇ ਕੰਟਰੋਲ ਕੀਤਾ ਜਾਵੇ ਅਤੇ ਨੀਤੀਆਂ ਵਿੱਚ ਰਾਹਤ ਦਿੱਤੀ ਜਾਵੇ ਤਾਂ ਜੋ ਉਦਯੋਗ ਨੂੰ ਮੁੜ ਪਟੜੀ ‘ਤੇ ਲਿਆਂਦਾ ਜਾ ਸਕੇ।

LEAVE A REPLY

Please enter your comment!
Please enter your name here