ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਉਪ- ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਦੁਆਰਾ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਪ੍ਰੇਰਨਾ ਸਿੰਘ ਵੱਲੋਂ ਲਿਖੀ ਗਈ ਪੁਸਤਕ “Between Care and Childhood” ਨੂੰ ਯੂਨੀਵਰਸਿਟੀ ਵਿਖੇ ਰਿਲੀਜ ਕੀਤਾ ਗਿਆ ।
ਇਸ ਮੌਕੇ ਪ੍ਰੋ. (ਡਾ.) ਕੁਲਦੀਪ ਵਾਲੀਆ, ਡਾਇਰੈਕਟਰ, CIQA.; ਡਾ. ਸ਼ੈਫਾਲੀ ਬੇਦੀ, ਵਿਭਾਗ ਮੁਖੀ; ਅਤੇ ਡਾ. ਸੁਖਦੇਵ ਸਿੰਘ, ਲੋਕ ਸੰਪਰਕ ਅਫਸਰ ਵੀ ਨਾਲ ਹਾਜ਼ਰ ਸਨ।
ਵਿਸ਼ਵ ਪ੍ਰਸਿੱਧ ਪਬਲੀਕੇਸ਼ਨ Scholars’ Press ਵੱਲੋਂ ਪ੍ਰਕਾਸ਼ਿਤ ਇਹ ਪੁਸਤਕ ਸੰਸਥਾਗਤ ਦੇਖਭਾਲ ਅਧੀਨ ਰਹਿ ਰਹੇ ਬੱਚਿਆਂ ਦੇ ਤਜ਼ਰਬਿਆਂ, ਚੁਣੌਤੀਆਂ ਅਤੇ ਸਮਾਜਿਕ ਹਕੀਕਤਾਂ ਨੂੰ ਸਮਾਜ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ। ਪੁਸਤਕ ਵਿੱਚ ਬੱਚਿਆਂ ਦੀ ਭਾਵਨਾਤਮਕ, ਮਨੋਵਿਗਿਆਨਕ, ਵਿਦਿਅਕ ਅਤੇ ਸਮਾਜਿਕ ਭਲਾਈ ਨਾਲ ਸਬੰਧਿਤ ਪੱਖਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਇਸ ਮੌਕੇ ਮਾਨਯੋਗ ਉਪ- ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਨੇ ਡਾ. ਪ੍ਰੇਰਨਾ ਸਿੰਘ ਨੂੰ ਪੁਸਤਕ ਦੇ ਪ੍ਰਕਾਸ਼ਨ ਲਈ ਵਧਾਈ ਦਿੱਤੀ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੁਸਤਕ ਅਕਾਦਮਿਕ ਪ੍ਰਾਪਤੀ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ਵੱਲੋਂ ਆਪਣੇ ਅਧਿਆਪਕਾਂ ਵਿੱਚ ਖੋਜ, ਅਕਾਦਮਿਕ ਲੇਖਨ ਅਤੇ ਵਿਦਵਤਾਪੂਰਨ ਯੋਗਦਾਨ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ।






