Monday, August 17, 2026
Home National ਅਮਰਨਾਥ ਯਾਤਰਾ ਤੋਂ ਪਹਿਲਾਂ ਵੱਡੀ ਕਾਮਯਾਬੀ, ਅੱਤਵਾਦੀਆਂ ਦਾ ਕਥਿਤ ਸਹਿਯੋਗੀ ਹਾਜੀ ਲਤੀਫ...

ਅਮਰਨਾਥ ਯਾਤਰਾ ਤੋਂ ਪਹਿਲਾਂ ਵੱਡੀ ਕਾਮਯਾਬੀ, ਅੱਤਵਾਦੀਆਂ ਦਾ ਕਥਿਤ ਸਹਿਯੋਗੀ ਹਾਜੀ ਲਤੀਫ ਗ੍ਰਿਫ਼ਤਾਰ

0
20

ਜੰਮੂ: ਸ਼੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫਲਤਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਕਠੂਆ ਜ਼ਿਲ੍ਹੇ ਨਾਲ ਸਬੰਧਤ 65 ਸਾਲਾ ਹਾਜੀ ਲਤੀਫ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਕਈ ਸਾਲਾਂ ਤੋਂ ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਹਨ। ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।

ਸੂਤਰਾਂ ਮੁਤਾਬਕ ਹਾਜੀ ਲਤੀਫ ਸਾਲ 2021 ਤੋਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਤੱਤਾਂ ਦੀ ਮਦਦ ਕਰ ਰਿਹਾ ਸੀ ਅਤੇ ਹੁਣ ਤੱਕ 36 ਤੋਂ ਵੱਧ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ‘ਤੇ ਇਹ ਵੀ ਦੋਸ਼ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਠੂਆ, ਊਧਮਪੁਰ, ਕਿਸ਼ਤਵਾੜ ਅਤੇ ਡੋਡਾ ਵਿੱਚ ਹੋਏ ਕਈ ਮੁਕਾਬਲਿਆਂ ਅਤੇ ਹਮਲਿਆਂ ਦੌਰਾਨ ਉਸ ਨੇ ਅੱਤਵਾਦੀਆਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ।

ਜਾਂਚ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਹਾਜੀ ਲਤੀਫ ਕਥਿਤ ਤੌਰ ‘ਤੇ ਸਰਹੱਦ ਪਾਰ ਤੋਂ ਘੁਸਪੈਠ ਕਰਨ ਵਾਲੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਅੱਤਵਾਦੀਆਂ ਨੂੰ ਪਨਾਹ, ਮੋਬਾਈਲ ਫੋਨ, ਭੋਜਨ, ਹਥਿਆਰਾਂ ਦੀ ਢੋਆ-ਢੁਆਈ ਅਤੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਸੀ। ਬਦਲੇ ਵਿੱਚ ਉਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨਾਂ ਤੋਂ ਪੈਸੇ ਮਿਲਣ ਦੇ ਵੀ ਦੋਸ਼ ਹਨ।

ਸੂਤਰਾਂ ਅਨੁਸਾਰ ਹਾਜੀ ਲਤੀਫ ਨੂੰ ਬਿਲਵਾਰ ਇਲਾਕੇ ਤੋਂ ਇੱਕ ਖ਼ੁਫ਼ੀਆ ਸੂਚਨਾ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਗ੍ਰਿਫ਼ਤਾਰੀ ਨੂੰ ਜੈਸ਼ ਕਮਾਂਡਰ ਉਸਮਾਨ ਨਾਲ ਵੀ ਜੋੜਿਆ ਜਾ ਰਿਹਾ ਹੈ, ਜੋ 23 ਜਨਵਰੀ 2026 ਨੂੰ ਬਿਲਵਾਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਜੀ ਲਤੀਫ ਨੇ ਉਸਮਾਨ ਨੂੰ ਪਨਾਹ ਦਿੱਤੀ ਸੀ।

ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਮਾਰਚ 2025 ਵਿੱਚ ਕਠੂਆ ਦੇ ਸੂਫਾਨ ਇਲਾਕੇ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਦੇ ਮਾਮਲੇ ਵਿੱਚ ਹਾਜੀ ਲਤੀਫ ਦੀ ਪਤਨੀ ਅਤੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ‘ਤੇ ਵੀ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਲੱਗੇ ਸਨ। ਉਸ ਮੁਕਾਬਲੇ ਦੌਰਾਨ ਚਾਰ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋਏ ਸਨ।

ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਹਾਜੀ ਲਤੀਫ ਸਥਾਨਕ ਲੋਕਾਂ ਨੂੰ ਪੈਸੇ ਦੇ ਕੇ ਅੱਤਵਾਦੀਆਂ ਤੱਕ ਭੋਜਨ ਪਹੁੰਚਾਉਂਦਾ ਸੀ ਅਤੇ ਕੁਝ ਸਮੇਂ ਲਈ ਉਨ੍ਹਾਂ ਦੇ ਮੋਬਾਈਲ ਫੋਨ ਵਰਤ ਕੇ ਅੱਤਵਾਦੀਆਂ ਨੂੰ ਇੰਟਰਨੈੱਟ ਰਾਹੀਂ ਆਪਣੇ ਹੈਂਡਲਰਾਂ ਨਾਲ ਸੰਪਰਕ ਕਰਵਾਉਂਦਾ ਸੀ। ਇਸ ਤੋਂ ਇਲਾਵਾ ਉਹ ਅੱਤਵਾਦੀਆਂ ਨੂੰ ਜੰਗਲਾਂ ਅਤੇ ਹੋਰ ਰਸਤਿਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਿੱਚ ਵੀ ਕਥਿਤ ਤੌਰ ‘ਤੇ ਮਦਦ ਕਰਦਾ ਸੀ।

LEAVE A REPLY

Please enter your comment!
Please enter your name here