ਮਲੇਰਕੋਟਲਾ, 12 ਅਗਸਤ
ਵਿਦਿਆਰਥੀਆਂ ਨੂੰ ਲਾਇਬ੍ਰੇਰੀ, ਸਮਾਰਟ ਕਲਾਸਰੂਮ, ਕਾਮਨ ਰੂਮ, ਵਾਸ਼ਰੂਮ ਅਤੇ ਹੋਰ ਸਹੂਲਤਾਂ ਮਿਲਣਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਕੂਲ ਦੀ ਇਮਾਰਤ 6.39 ਕਰੋੜ ਰੁਪਏ ਵਿੱਚ ਬਣਨੀ ਸੀ, ਸਰਕਾਰ ਨੇ 6.34 ਕਰੋੜ ਰੁਪਏ ਵਿੱਚ ਮੁਕੰਮਲ ਕਰਕੇ 5.25 ਲੱਖ ਰੁਪਏ ਦੀ ਬੱਚਤ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮਲੇਰਕੋਟਲਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਲੜਕੀਆਂ ਨੂੰ ਹੁਣ ਘਰ ਦੇ ਨੇੜੇ ਹੀ ਮਿਆਰੀ ਸਿੱਖਿਆ ਮਿਲੇਗੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਾਡੀ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਅੱਜ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ‘ਚ ਨੰਬਰ ਇਕ ਸੂਬਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਾਡੀ ਸਰਕਾਰ 15,000 ਤੋਂ ਵੱਧ ਲੜਕੀਆਂ ਨੂੰ ਸਕੂਲ ਬੱਸ ਸੇਵਾ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਨਾ ਰੁਕੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮਿਆਰੀ ਸਿੱਖਿਆ ਸਦਕਾ ਸਰਕਾਰੀ ਸਕੂਲਾਂ ਦੇ 1,500 ਤੋਂ ਵੱਧ ਵਿਦਿਆਰਥੀਆਂ ਨੇ ਨੀਟ ਅਤੇ ਜੇ.ਈ.ਈ. ਵਿੱਚ ਸਫ਼ਲਤਾ ਹਾਸਲ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ 118 ‘ਸਕੂਲ ਆਫ਼ ਐਮੀਨੈਂਸ’ ਸਥਾਪਤ ਕੀਤੇ ਜਾ ਰਹੇ ਹਨ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪਿਛਲੀਆਂ ਸਰਕਾਰਾਂ ਨੇ ਸਮਾਰਟ ਸਕੂਲਾਂ ਦੇ ਨਾਂ ‘ਤੇ ਸਕੂਲਾਂ ਦੀਆਂ ਇਮਾਰਤਾਂ ਨੂੰ ਸਿਰਫ਼ ਰੰਗ-ਰੋਗਨ ਕਰਕੇ ਲੋਕਾਂ ਨਾਲ ਧੋਖਾ ਕੀਤਾ, ਬਹੁਤ ਸਾਰੇ ਸਕੂਲਾਂ ਵਿੱਚ ਤਾਂ ਅਧਿਆਪਕ ਵੀ ਨਹੀਂ ਸਨ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰੇਗੀ, ਪਰ ਲੋਕਾਂ ਨੂੰ ਇਸ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਲੇਰਕੋਟਲਾ ਵਿਖੇ ਲੜਕੀਆਂ ਲਈ ਨਵੀਂ ਪੰਜ-ਮੰਜ਼ਿਲਾ ਸਰਕਾਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਇਸ ਨੂੰ ਪੰਜਾਬ ਦੀਆਂ ਧੀਆਂ ਲਈ ਆਜ਼ਾਦੀ ਦਿਹਾੜੇ ਦਾ ਵਿਸ਼ੇਸ਼ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ 6.39 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ 6.34 ਕਰੋੜ ਵਿੱਚ ਮੁਕੰਮਲ ਕਰਕੇ ਸਰਕਾਰੀ ਖ਼ਜ਼ਾਨੇ ਦੇ 5.25 ਲੱਖ ਰੁਪਏ ਬਚਾਏ ਗਏ ਹਨ, ਜਦਕਿ ਵਿਦਿਆਰਥੀਆਂ ਨੂੰ ਲਾਇਬ੍ਰੇਰੀ, ਸਮਾਰਟ ਕਲਾਸਰੂਮ, ਕਾਮਨ ਰੂਮ ਅਤੇ ਵਾਸ਼ਰੂਮ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਇਹ ਨਵੀਂ ਇਮਾਰਤ ਮਲੇਰਕੋਟਲਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਲੜਕੀਆਂ ਲਈ ਮਿਆਰੀ ਸਿੱਖਿਆ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਲੈ ਕੇ ਆਵੇਗੀ। ਪੰਜਾਬ ਦਾ ਸਿੱਖਿਆ ਮਾਡਲ ਬਿਹਤਰੀਨ ਨਤੀਜੇ ਦੇ ਰਿਹਾ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਅਤੇ 361 ਵਿਦਿਆਰਥੀਆਂ ਨੇ ਜੇ.ਈ.ਈ. ਦੀ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 15,000 ਤੋਂ ਵੱਧ ਲੜਕੀਆਂ ਨੂੰ ਵਿਸ਼ੇਸ਼ ਬੱਸ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਘਰ ਤੋਂ ਦੂਰੀ ਉਨ੍ਹਾਂ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਬਣੇ। ਇਸ ਦੇ ਨਾਲ ਹੀ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਦਾ ਵਿਸਥਾਰ ਕਰਨ ਲਈ 118 ‘ਸਕੂਲ ਆਫ਼ ਐਮੀਨੈਂਸ’ ਸਥਾਪਿਤ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਮਾਰਟ ਸਕੂਲਾਂ ਦੇ ਨਾਂ ‘ਤੇ ਸਿਰਫ਼ ਸਕੂਲਾਂ ਦੀਆਂ ਇਮਾਰਤਾਂ ਨੂੰ ਰੰਗ ਕੀਤਾ ਸੀ ਜਦਕਿ ਮੌਜੂਦਾ ਸਰਕਾਰ ਇੱਕ ਅਜਿਹਾ ਸਿੱਖਿਆ ਢਾਂਚਾ ਤਿਆਰ ਕਰ ਰਹੀ ਹੈ ਜੋ ਸਾਕਾਰਤਮਕ ਨਤੀਜੇ ਦੇ ਰਿਹਾ ਹੈ ਅਤੇ ਜਿਸ ਨੇ ਪੰਜਾਬ ਨੂੰ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਨੰਬਰ ਇਕ ਸੂਬਾ ਬਣਾਇਆ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰੇਗੀ ਅਤੇ ਲੋਕਾਂ ਨੂੰ ਅਜਿਹੀਆਂ ਭੜਕਾਊ ਗੱਲਾਂ ਵਿੱਚ ਨਾ ਆਉਣ ਦੀ ਅਪੀਲ ਕੀਤੀ।
ਸਕੂਲ ਦਾ ਉਦਘਾਟਨ ਕਰਨ ਤੋਂ ਬਾਅਦ ਕੁਝ ਖ਼ਾਸ ਗੱਲਾਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ: “ਅੱਜ ਮਲੇਰਕੋਟਲਾ ਵਿਖੇ ਲੜਕੀਆਂ ਲਈ ਨਵੇਂ ਪੰਜ-ਮੰਜ਼ਿਲਾ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ 6.34 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਇਆ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਦੇ 5.25 ਲੱਖ ਰੁਪਏ ਦੀ ਬੱਚਤ ਹੋਈ ਹੈ। 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਇਹ ਸਾਡੀਆਂ ਧੀਆਂ ਲਈ ਵਿਸ਼ੇਸ਼ ਤੋਹਫ਼ਾ ਹੈ। ਸਾਡੇ ਲਗਾਤਾਰ ਯਤਨਾਂ ਸਦਕਾ ਪੰਜਾਬ ਅੱਜ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ‘ਚ ਪਹਿਲੇ ਨੰਬਰ ‘ਤੇ ਹੈ। ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਦੀ ਨੀਟ ਅਤੇ 361 ਵਿਦਿਆਰਥੀਆਂ ਦੀ ਜੇ.ਈ.ਈ. ਵਿੱਚ ਸਫ਼ਲਤਾ ਇਸ ਬਦਲਾਅ ਦੀ ਵੱਡੀ ਮਿਸਾਲ ਹੈ। ਲੜਕੀਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ, ਇਸ ਲਈ 15,000 ਤੋਂ ਵੱਧ ਵਿਦਿਆਰਥਣਾਂ ਨੂੰ ਵਿਸ਼ੇਸ਼ ਬੱਸ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਨਕਲਾਬ ਜ਼ਿੰਦਾਬਾਦ।”






