Wednesday, July 22, 2026
Home Punjab Ludhiana ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ, ਲੁਧਿਆਣਾ...

ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ, ਲੁਧਿਆਣਾ (ਉੱਤਰੀ) ਵਿੱਚ ਨਵੀਂ ਸਬ ਤਹਿਸੀਲ ਦਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਉਦਘਾਟਨ

0
15

38 ਲੱਖ ਰੁਪਏ ਦੀ ਲਾਗਤ ਨਾਲ ਬਣੀ ਲੁਧਿਆਣਾ (ਉੱਤਰੀ) ਸਬ ਤਹਿਸੀਲ ਲੋਕਾਂ ਨੂੰ ਸਮਰਪਿਤ

ਲੁਧਿਆਣਾ (ਉੱਤਰੀ) ਵਿੱਚ ਨਵੀਂ ਸਬ ਤਹਿਸੀਲ ਬਣਨ ਨਾਲ ਲੋਕਾਂ ਨੂੰ ਮਿਲੀ ਵੱਡੀ ਸਹੂਲਤ: ਵਿਧਾਇਕ ਮਦਨ ਲਾਲ ਬੱਗਾ

ਹੁਣ ਲੋਕਾਂ ਨੂੰ ਰਜਿਸਟਰੀਆਂ ਲਈ ਨਹੀਂ ਜਾਣਾ ਪਵੇਗਾ ਦੂਰ, ਲੁਧਿਆਣਾ (ਉੱਤਰੀ) ਵਿੱਚ ਸਬ ਤਹਿਸੀਲ ਦਾ ਹੋਇਆ ਆਗਾਜ਼: ਡੀ.ਸੀ ਹਿਮਾਂਸ਼ੂ ਜੈਨ

ਨਾਇਬ ਤਹਿਸੀਲਦਾਰ ਜਗਸੀਰ ਸਿੰਘ ਨੇ ਸੰਭਾਲਿਆ ਚਾਰਜ, ਲੁਧਿਆਣਾ (ਉੱਤਰੀ) ਸਬ ਤਹਿਸੀਲ ਵਿੱਚ ਲੋਕਾਂ ਦੇ ਹੋਣਗੇ ਕੰਮ

ਲੁਧਿਆਣਾ: ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੰਗਲਵਾਰ ਨੂੰ ਲੁਧਿਆਣਾ (ਉੱਤਰੀ) ਵਿਖੇ ਬਣੀ ਨਵੀਂ ਸਬ ਤਹਿਸੀਲ ਦੇ ਕੰਪਲੈਕਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਲੁਧਿਆਣਾ (ਉੱਤਰੀ) ਦੇ ਵਾਸੀਆਂ ਨੂੰ 38 ਲੱਖ ਰੁਪਏ ਦਾ ਤੋਹਫਾ ਦਿੱਤਾ ਹੈ। ਇਸ ਸਬ ਤਹਿਸੀਲ ਲੁਧਿਆਣਾ (ਉੱਤਰੀ) ਵਿੱਚ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰ ਜਗਸੀਰ ਸਿੰਘ ਵੱਲੋਂ ਅੱਜ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮੌਜੂਦਗੀ ਵਿੱਚ ਚਾਰਜ ਸੰਭਾਲ ਲਿਆ ਹੈ।

ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦਾ ਇਕ-ਇਕ ਪੈਸਾ ਭਲਾਈ ਕਾਰਜਾਂ ਲਈ ਖਰਚਣ ਪ੍ਰਤੀ ਵਚਨਬੱਧ ਹੈ ਅਤੇ ਹਲਕਾ ਲੁਧਿਆਣਾ (ਉੱਤਰੀ) ਨੂੰ ਅੱਜ ਦਿੱਤਾ ਗਿਆ ਤੋਹਫਾ ਵੀ ਇਸੇ ਪ੍ਰਤੀਬੱਧਤਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ (ਉੱਤਰੀ) ਵਿਖੇ ਸਬ ਤਹਿਸੀਲ ਕੰਪਲੈਕਸ ਦੇ ਨਿਰਮਾਣ ’ਤੇ 38 ਲੱਖ ਰੁਪਏ ਖਰਚ ਕੀਤੇ ਗਏ ਹਨ।

ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੁਧਿਆਣਾ (ਉੱਤਰੀ) ਸਬ ਤਹਿਸੀਲ ਕੰਪਲੈਕਸ ਜਿਸ ਦਾ ਕੁੱਲ ਖੇਤਰਫਲ ਕਰੀਬ 4400 ਸੁਕੈਅਰ ਫੁੱਟ ਹੈ ਅਤੇ ਕਰੀਬ 2000 ਸੁਕੈਅਰ ਫੁੱਟ ਰਕਬੇ ਵਿੱਚ ਇਹ ਕੰਪਲੈਕਸ ਬਣਿਆ ਹੈ ਅਤੇ ਇਸ ਕੰਪਲੈਕਸ ਵਿੱਚ ਦਫ਼ਤਰ ਸਬ ਰਜਿਸਟਰਾਰ, ਰਜਿਸਟਰੀ ਰੂਮ, ਰੀਡਰ ਰੂਮ, ਫ਼ਰਦ ਰੂਮ, ਲੋਕਾਂ ਦੇ ਬੈਠਣ ਲਈ ਹਾਲ, ਕੰਨਟੀਨ, ਜਨਰੇਟਰ ਰੂਮ ਅਤੇ ਬਾਥਰੂਮ ਸਥਾਪਤ ਕੀਤੇ ਗਏ ਹਨ ਤਾਂ ਜੋ ਰੋਜ਼ਮੱਰਾ ਦੇ ਪ੍ਰਸ਼ਾਸਨਿਕ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮਾਲ ਮੰਤਰੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਹਰ ਰੋਜ਼ ਆਪਣੇ ਕੰਮਕਾਜ ਲਈ ਇਸ ਸਬ ਤਹਿਸੀਲ ਦਫ਼ਤਰ ਵਿੱਚ ਆਉਣਗੇ ਅਤੇ ਇਸੇ ਕਰਕੇ ਲੋਕਾਂ ਦੀ ਸਹੂਲਤ ਲਈ ਇਸ ਸਬ ਤਹਿਸੀਲ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਲੋਕ ਪੱਖੀ ਕਾਰਜਾਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨਵੇਂ ਕੰਪਲੈਕਸ ਅਤੇ ਰੂਮਾਂ ਨਾਲ ਸਟਾਫ ਨੂੰ ਢੁਕਵਾਂ ਮਾਹੌਲ ਮਿਲੇਗਾ ਜਿਸ ਨਾਲ ਉਹ ਬਿਨਾਂ ਕਿਸੇ ਖੱਜਲ-ਖੁਆਰੀ ਦੇ ਲੋਕਾਂ ਦੇ ਕੰਮਕਾਜ ਨੂੰ ਯਕੀਨੀ ਬਣਾਉਣ ਨੂੰ ਤਰਜੀਹ ਦੇਣਗੇ।

ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਸਬ ਤਹਿਸੀਲ ਲੁਧਿਆਣਾ (ਉੱਤਰੀ) ਬਣੀ ਹੈ। ਉਹਨਾਂ ਕਿਹਾ ਕਿ ਇਹ ਹਲਕਾ ਲੁਧਿਆਣਾ ਉੱਤਰੀ ਦੇ ਲੋਕਾਂ ਦੀ ਇਹ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਸਬ ਤਹਿਸੀਲ ਲੁਧਿਆਣਾ (ਉੱਤਰੀ) ਬਣੇ ਕਿਉਂਕਿ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਲਈ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਇਹ ਸਬ ਤਹਿਸੀਲ ਬਣਨ ਕਰਕੇ ਹਲਕਾ ਲੁਧਿਆਣਾ ਉੱਤਰੀ ਦੇ ਲੋਕਾਂ ਨੂੰ ਹੁਣ ਆਪਣੇ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀ ਬੜੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅੱਜ ਸਬ ਤਹਿਸੀਲ ਲੁਧਿਆਣਾ (ਉੱਤਰੀ) ਬਣਨ ਕਰਕੇ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਵਿਕਾਸ ਤੇ ਕੰਮ ਹੋ ਰਹੇ ਹਨ ਜਿਸ ਨਾਲ ਹਲਕੇ ਦੀ ਨੁਹਾਰ ਬਦਲ ਰਹੀ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਕਿਹਾ ਕਿ ਅੱਜ ਸਬ ਤਹਿਸੀਲ ਲੁਧਿਆਣਾ (ਉੱਤਰੀ) ਬਣੀ ਹੈ। ਲੋਕਾਂ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਸ ਨੂੰ ਬਣਾਇਆ ਹੈ ਕਿਉਂਕਿ ਇਥੋਂ ਦੇ ਲੋਕਾਂ ਨੂੰ ਆਪਣੀਆਂ ਰਜਿਸਟਰੀਆਂ ਕਰਵਾਉਣ ਕਾਫੀ ਦੂਰ ਟਰਾਂਸਪੋਰਟ ਨਗਰ ਜਾਣਾ ਪੈਂਦਾ ਸੀ ਜਿਸ ਨਾਲ ਲੋਕਾਂ ਨੂੰ ਮੁਸ਼ਕਿਲ ਆਉਂਦੀ ਸੀ। ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਸਬ ਤਹਿਸੀਲ ਲੁਧਿਆਣਾ (ਉੱਤਰੀ) ਬਣੀ ਹੈ। ਇਸ ਸਬ ਤਹਿਸੀਲ ਵਿੱਚ ਲੋੜੀਂਦਾ ਸਟਾਫ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਸਬ ਤਹਿਸੀਲ ਵਿੱਚ ਫਰਨੀਚਰ ਆਦਿ ਸਭ ਸਹੂਲਤਾਂ ਇਥੇ ਦਿੱਤੀਆਂ ਗਈਆਂ ਹਨ। ਪਬਲਿਕ ਏਰੀਏ ਵਿੱਚ ਵੀ ਏ.ਸੀ ਲਗਾਏ ਗਏ ਹਨ। ਇਸ ਦੇ ਨਾਲ ਹੀ ਪਾਣੀ ਦੀ ਸਹੂਲਤ ਅਤੇ ਵੇਟਿੰਗ ਦੀ ਸਹੂਲਤ ਇਥੇ ਮੌਜੂਦ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ। ਈਜੀ ਰਜਿਸਟਰੀ ਦਾ ਸਟਾਫ ਵੀ ਇੱਥੇ ਲਗਾ ਦਿੱਤਾ ਗਿਆ ਹੈ। ਕੰਪਿਊਟਰ ਅਤੇ ਕੈਮਰੇ ਲਗਾ ਕੇ ਸਬ ਤਹਸੀਲ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬ ਤਹਿਸੀਲ ਵਿੱਚ ਅੱਜ ਤੋਂ ਹੀ ਕੰਮ ਸ਼ੁਰੂ ਹੋ ਜਾਵੇਗਾ।

ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੀਰੂ ਕਤਿਆਲ ਗੁਪਤਾ, ਸਪੈਸ਼ਲ ਸਕੱਤਰ ਮਾਲ ਵਿਭਾਗ ਟੀ.ਬੈਨਿਥ, ਉਪ ਮੰਡਲ ਮਜਿਸਟਰੇਟ (ਲੁਧਿਆਣਾ ਪੂਰਬੀ) ਜਸਲੀਨ ਕੌਰ ਭੁੱਲਰ ਅਤੇ ਉਪ ਮੰਡਲ ਮੈਜਿਸਟਰੇਟ (ਲੁਧਿਆਣਾ ਪੱਛਮੀ) ਕੁਲਦੀਪ ਬਾਵਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਲੁਧਿਆਣਾ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਅਮਨ ਬੱਗਾ, ਗੌਰਵ ਬੱਗਾ, ਬਲਾਕ ਸੰਮਤੀ ਚੇਅਰਮੈਨ ਸਰਬੀ ਜਰਖੜ, ਦਵਿੰਦਰ ਸਿੰਘ (ਲਾਡੀ) ਸੰਗੋਵਾਲ, ਸੋਨੀ ਗਿੱਲ, ਅਮਰਿੰਦਰ ਬੁਲਾਰਾ,  ਨੀਰਜ ਅਹੂਜਾ, ਮਨਜੀਤ ਸਿੰਘ ਢਿੱਲੋਂ, ਬਿੱਟੂ ਭਨੋਟ, ਬਿੱਟੂ ਭਾਰਦਵਾਜ, ਅਸ਼ੋਕ ਕੁਮਾਰ, ਗੁਰਵੀਰ ਬਾਜਵਾ, ਤਜਿੰਦਰ ਰਾਜਾ, ਹਰਜਿੰਦਰ ਬਾਲੀ, ਸਮੂਹ ਕੌਂਸਲਰ ਸਹਿਬਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ  ਇਲਾਕਾ ਨਿਵਾਸੀ ਮੌਜੂਦ ਸਨ।

——

LEAVE A REPLY

Please enter your comment!
Please enter your name here