Thursday, July 16, 2026
Home Patiala Updates ਬਲਰਾਜ ਸਾਹਨੀ ਨੇ ਆਪਣੀਆਂ ਕ੍ਰਿਤਾਂ ਰਾਹੀਂ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ-...

ਬਲਰਾਜ ਸਾਹਨੀ ਨੇ ਆਪਣੀਆਂ ਕ੍ਰਿਤਾਂ ਰਾਹੀਂ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ- ਜਸਵੰਤ ਸਿੰਘ ਜ਼ਫ਼ਰ

0
12
ਭਾਸ਼ਾ ਵਿਭਾਗ ਵਲੋਂ ਮਹਾਨ ਪੰਜਾਬੀ ਸਪੂਤ ਸ਼੍ਰੀ ਬਲਰਾਜ ਸਾਹਨੀ ਨੂੰ ਭਾਵਪੂਰਤ ਅੰਦਾਜ਼ ’ਚ ਕੀਤਾ ਯਾਦ
ਪੰਜਾਬੀਅਤ ਨਾਲ ਮੋਹ, ਸਾਹਿਤਕ ਤੇ ਫਿਲਮੀ ਦੇਣ ਬਾਰੇ ਵਿਸ਼ੇਸ਼ ਭਾਸ਼ਣ ਅਤੇ ਦਸਤਾਵੇਜ਼ੀ ਫਿਲਮ ਦੀ ਪੇਸ਼ਕਾਰੀ ਨੇ ਸਮਾਗਮ ਬਣਾਇਆ ਯਾਦਗਾਰੀ
ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਵਿਖੇ ਮਹਾਨ ਪੰਜਾਬੀ ਸਪੂਤ ਸ੍ਰੀ ਬਲਰਾਜ ਸਾਹਨੀ ਯਾਦਗਾਰੀ ਸਮਾਗਮ ਬਹੁਤ ਹੀ ਭਾਵਪੂਰਤ ਅੰਦਾਜ਼ ਵਿੱਚ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਸ਼ੇਸ਼ ਭਾਸ਼ਣ ਰਾਹੀਂ ਚਾਨਣਾ ਪਾਇਆ ਅਤੇ ਉੱਘੇ ਫਿਲਮਸਾਜ਼ ਡਾ. ਹਰਜੀਤ ਸਿੰਘ ਨੇ ‘ਇੱਕ ਸਫ਼ਰ ਇੱਕ ਦਾਸਤਾਨ’ ਸਿਰਲੇਖ ਹੇਠ ਬਣਾਈ ਦਸਤਾਵੇਜ਼ੀ ਫਿਲਮ ਰਾਹੀਂ ਬਲਰਾਜ ਸਾਹਨੀ ਦੇ ਪੰਜਾਬ ਪ੍ਰਤੀ ਮੋਹ, ਕਲਾ ਦੀ ਸਮਾਜ ਲਈ ਭੂਮਿਕਾ ਅਤੇ ਹੋਰਨਾਂ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਫਿਲਮ ਦੇ ਨਿਰਮਾਣ ਨਾਲ ਜੁੜੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕਾਰ, ਰੰਗਕਰਮੀ ਤੇ ਸਾਹਿਤ ਰਸੀਏ ਹਾਜ਼ਰ ਸਨ।
ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਬਲਰਾਜ ਸਾਹਨੀ ਨੂੰ ਮਹਾਨ ਪੰਜਾਬੀ ਸਪੂਤ ਦੇ ਲਕਬ ਨਾਲ ਸੰਬੋਧਿਤ ਕਰਨ ਦਾ ਅਰਥ ਹੈ ਕਿ ਇਸ ਧਰਮ ਨਿਰਪੱਖ ਸ਼ਖ਼ਸੀਅਤ ਨੇ ਆਪਣੀਆਂ ਸਾਹਿਤਕ ਤੇ ਫਿਲਮੀ ਕ੍ਰਿਤਾਂ ਰਾਹੀਂ ਹਮੇਸ਼ਾਂ ਸਾਂਝੀਵਾਲਤਾ, ਭਾਈਚਾਰਕ ਇੱਕਸੁਰਤਾ ਅਤੇ ਸਮਾਜਿਕ ਨਿਆਂ ਦਾ ਹੋਕਾ ਦਿੱਤਾ। ਚਾਹੇ ਫਿਲਮਾਂ ਹੋਣ ਚਾਹੇ ਸਾਹਿਤ ਉਨ੍ਹਾਂ ਆਪਣੀ ਸਿਰਜਣਾ ਲਈ ਹਮੇਸ਼ਾਂ ਆਮ ਲੋਕਾਂ ਦੀਆਂ ਮੁਸ਼ਕਲਾਂ, ਸਾਂਝਾਂ, ਸ਼ਕਤੀਆਂ ਤੇ ਚੰਗਿਆਈਆਂ ਨੂੰ ਅਧਾਰ ਬਣਾਇਆ। ਅਜਿਹੇ ਪੰਜਾਬੀ ਪਿਆਰਿਆਂ ਦੀ ਯਾਦ ਸਾਡੇ ਲਈ ਪ੍ਰੇਰਨਾ ਦਾ ਖਜ਼ਾਨਾ ਹੈ।
 ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਅੱਜ ਕਲਾ ਦਾ ਹਰ ਰੂਪ ਵਪਾਰ ਦਾ ਸਾਧਨ ਬਣ ਚੁੱਕਿਆ ਹੈ ਪਰ ਸ੍ਰੀ ਬਲਰਾਜ ਸਾਹਨੀ ਨੇ ‘ਕਲਾ ਸਮਾਜ ਲਈ’ ਦੇ ਸਿਧਾਂਤ ਨੂੰ ਪਹਿਲ ਦਿੱਤੀ। ਸ੍ਰੀ ਸਾਹਨੀ ਨੇ ਅਜੋਕੇ ਫਿਲਮੀ ਸਿਤਾਰਿਆਂ ਦੇ ਉਲਟ ਉਚੇਰੀ ਪੜ੍ਹਾਈ ਕੀਤੀ ਇਸੇ ਕਾਰਨ ਹੀ ਉਹ ਸਾਹਿਤ ਪੜ੍ਹਨ ਤੇ ਸਾਹਿਤ ਸਿਰਜਣਾ ਨਾਲ ਹਮੇਸ਼ਾ ਜੁੜੇ ਰਹੇ। ਇਲਮ ਅਦਬ ਦਾ ਅਸਰ ਉਨ੍ਹਾਂ ਦੀਆਂ ਫਿਲਮਾਂ ਤੇ ਰਚਨਾਵਾਂ ’ਚੋਂ ਸਾਫ਼ ਝਲਕਦਾ ਹੈ। ਉਨ੍ਹਾਂ ਕਵਿਤਾ ਲਿਖਣ ਨਾਲ ਸ਼ੁਰੂਆਤ ਕੀਤੀ, ਫਿਰ ਨਾਟਕ ਲਿਖੇ। ਆਪਣੀ ਵਾਰਤਕ ਅਤੇ ਸਫ਼ਰਨਾਮਿਆਂ ਰਾਹੀਂ ਉਚੇਰੀ ਪਹਿਚਾਣ ਬਣਾਈ। ਉਨ੍ਹਾਂ ਨੇ ਅੰਗਰੇਜ਼ੀ ’ਚ ਲਿਖਣ ਦੀ ਸ਼ੁਰੂਆਤ ਕੀਤੀ ਪਰ ਰਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਨਾਲ ਆਪਣੀ ਮਾਂ ਬੋਲੀ ਪੰਜਾਬੀ ’ਚ ਲਿਖਣ ਲੱਗੇ। ਉਨ੍ਹਾਂ ਦੀਆਂ ਰਚਨਾਵਾਂ ’ਚ ਜਿੱਥੇ ਸਮਾਜਵਾਦੀ ਪ੍ਰਭਾਵ ਸੀ ਉੱਥੇ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਇਸ ਤੋਂ ਅਛੂਤੀ ਨਹੀਂ ਸੀ। ਡਾ. ਬਰਾੜ ਨੇ ਦੱਸਿਆ ਕਿ ਮਰਾਠੀ, ਹਿੰਦੀ, ਅੰਗਰੇਜ਼ੀ ਤੇ ਗੁਜਰਾਤੀ ਭਾਸ਼ਾ ਵਾਲੇ ਲੋਕਾਂ ਨਾਲ ਵਿਚਰਨ ਦੇ ਬਾਵਜ਼ੂਦ ਵੀ ਉਨ੍ਹਾਂ ਦੀ ਲਿਖਤਾਂ ’ਚੋਂ ਠੇਠ ਤੇ ਠੁੱਕਦਾਰ ਪੰਜਾਬੀ ਸਪੱਸ਼ਟ ਦਿਖਾਈ ਦਿੰਦੀ ਹੈ ਅਤੇ ਉਹਨਾਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ। ਸਮੁੱਚੇ ਰੂਪ ’ਚ ਉਨ੍ਹਾਂ ਦੀ ਹਰ ਕ੍ਰਿਤ ਸਮਾਜ ਨੂੰ ਸੇਧ, ਹੱਲਾਸ਼ੇਰੀ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਾਲੀ ਹੈ।
 ‘ਇੱਕ ਸਫ਼ਰ ਇੱਕ ਦਾਸਤਾਨ’ ਦਸਤਾਵੇਜ਼ੀ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਡਾ. ਹਰਜੀਤ ਸਿੰਘ ਨੇ ਦਸਤਾਵੇਜ਼ੀ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਬਲਰਾਜ ਸਾਹਨੀ ਨੂੰ ਯਾਦ ਕਰਨ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਇਸ ਸਮਾਗਮ ਨੇ ਉਸ ਨੂੰ ਦਸਤਾਵੇਜ਼ੀ ਫਿਲਮ ਬਣਾਉਣ ਲਈ ਬਹੁਤ ਉਤਸ਼ਾਹ ਦਿੱਤਾ ਅਤੇ ਬਹੁਤ ਥੋੜ੍ਹੇ ਸਮੇਂ ’ਚ ਉਨ੍ਹਾਂ ਇਹ ਫਿਲਮ ਤਿਆਰ ਕਰ ਲਈ। ਇਸ ਫਿਲਮ ਰਾਹੀਂ ਸ੍ਰੀ ਸਾਹਨੀ ਦਾ ਹਰ ਸਾਲ ਪੰਜਾਬ ਆਉਣਾ ਖ਼ਾਸ ਤੌਰ ’ਤੇ ਪ੍ਰੀਤ ਨਗਰ, ਅੰਮ੍ਰਿਤਸਰ ਅਤੇ ਢੁੱਡੀਕੇ ਆਉਣਾ, ਯਾਦਗਾਰੀ ਫਿਲਮਾਂ ਦੀਆਂ ਝਲਕੀਆਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦੇ ਉਨ੍ਹਾਂ ਨਾਲ ਰਿਸ਼ਤਿਆਂ ਬਾਰੇ ਖ਼ੂਬਸੂਰਤੀ ਨਾਲ ਦੱਸਿਆ ਗਿਆ। ਇਸ ਫਿਲਮ ਦੌਰਾਨ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਨਵਸ਼ਰਨ ਕੌਰ, ਜਸਵੰਤ ਸਿੰਘ ਕੰਵਲ ਦੇ ਪੁੱਤਰ ਸਰਬਜੀਤ ਸਿੰਘ, ਨਾਨਕ ਸਿੰਘ ਦੇ ਬੇਟੇ ਕੁਲਬੀਰ ਸੂਰੀ, ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪੁੱਤਰ ਹਿਰਦੇਪਾਲ ਸਿੰਘ ਅਤੇ ਕਹਾਣੀਕਾਰ ਮੁਖਤਾਰ ਗਿੱਲ ਵੱਲੋਂ ਆਪਣੇ ਪਰਿਵਾਰ ਨਾਲ ਸ੍ਰੀ ਸਾਹਨੀ ਦੀਆਂ ਸਾਂਝਾਂ ਦਾ ਜਿਕਰ ਕੀਤਾ ਗਿਆ। ਅਦਾਕਾਰਾ ਜਤਿੰਦਰ ਕੌਰ, ਨਾਟਕਕਾਰ ਕੇਵਲ ਧਾਲੀਵਾਲ, ਦੇਵਿੰਦਰ ਦਮਨ, ਫਿਲਮਸਾਜ਼ ਰਾਜੀਵ ਸ਼ਰਮਾ ਨੇ ਸ੍ਰੀ ਸਾਹਨੀ ਦੀ ਫਿਲਮ ਕਲਾ ਤੇ ਜ਼ਿੰਦਗੀ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਫਿਲਮ ਨਾਲ ਜੁੜੇ ਉੱਘੇ ਪੱਤਰਕਾਰ ਦੇਵਿੰਦਰਪਾਲ ਤੇ ਫਿਲਮੀ ਇਤਿਹਾਸਕਾਰ ਸ੍ਰੀ ਭੀਮ ਰਾਜ ਗਰਗ ਨੇ ਵੀ ਸ੍ਰੀ ਸਾਹਨੀ ਨੂੰ ਬੜੇ ਜਜ਼ਬਾਤੀ ਅੰਦਾਜ਼ ’ਚ ਯਾਦ ਕੀਤਾ। ਮਹਿਮਾਨ ਸ਼ਖ਼ਸੀਅਤਾਂ ਨੂੰ ਵਿਭਾਗ ਵੱਲੋਂ ਵਿਭਾਗੀ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਪਦਮਸ੍ਰੀ ਪ੍ਰਾਣ ਸੱਭਰਵਾਲ, ਪ੍ਰਿੰ. ਪਰਮਜੀਤ ਸਿੰਘ ਗਰੇਵਾਲ, ਪ੍ਰਿੰ. ਵਰਿੰਦਰ ਕੌਰ, ਅਦਾਕਾਰ ਹਰਜੀਤ ਕੈਂਥ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ ਤੇ ਗੋਪਾਲ ਸ਼ਰਮਾ, ਡਾ. ਗੁਰਸੇਵਕ ਲੰਬੀ, ਡਾ. ਕੁਲਦੀਪ ਦੀਪ, ਕਵੀ ਸੰਤ ਸਿੰਘ ਸੋਹਲ ਤੇ ਸੁਰਿੰਦਰ ਕੌਰ ਬਾੜਾ, ਕੁਲਵੰਤ ਸਿੰਘ ਨਾਰੀਕੇ, ਭਾਸ਼ਾ ਵਿਭਾਗ ਦੀ ਸਹਾਇਕ ਨਿਰਦੇਸ਼ਕਾ ਜਸਪ੍ਰੀਤ ਕੌਰ, ਸੁਰਿੰਦਰ ਕੌਰ ਤੇ ਰਾਬੀਆ ਸਮੇਤ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।
ਤਸਵੀਰ: ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ, ਫਿਲਮਸਾਜ਼ ਡਾ. ਹਰਜੀਤ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ, ਦੇਵਿੰਦਰਪਾਲ ਤੇ ਭੀਮ ਰਾਜ ਗਰਗ ਨੂੰ ਸਨਮਾਨਿਤ ਕਰਦੇ ਹੋਏ।

LEAVE A REPLY

Please enter your comment!
Please enter your name here