ਜਾਗਰੂਕਤਾ ਸਮੱਗਰੀ ਦੀ ਖਰੀਦ ਲਈ ਸਪਲਾਇਰਾਂ ਤੋਂ ਮੰਗੀਆਂ ਕੁਟੇਸ਼ਨਾਂ; 17 ਸਤੰਬਰ ਤੱਕ ਜਮ੍ਹਾਂ ਕਰਵਾਉਣ ਦੀ ਅਪੀਲ
- ਫਲੈਕਸਾਂ, ਸਕੂਲ ਬੈਗਾਂ, ਜਿਓਮੈਟਰੀ ਬਾਕਸਾਂ ਤੇ ਕਾਪੀਆਂ ਰਾਹੀਂ ਦਿੱਤਾ ਜਾਵੇਗਾ ‘ਪਰਾਲੀ ਨੂੰ ਅੱਗ ਨਹੀਂ’ ਦਾ ਸੁਨੇਹਾ
ਮਾਲੇਰਕੋਟਲਾ: ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਤੇ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਵਾਸਤੇ ਵਿਭਾਗ ਵੱਲੋਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸੇ ਲੜੀ ਤਹਿਤ ਪ੍ਰਚਾਰ ਸਮੱਗਰੀ ਦੀ ਖਰੀਦ ਲਈ ਯੋਗ ਸਪਲਾਇਰਾਂ/ਫਰਮਾਂ ਤੋਂ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜਾਗਰੂਕਤਾ ਸਮੱਗਰੀ ਵਿੱਚ 750, 1000 ਅਤੇ 1250 ਮਿਲੀਲੀਟਰ ਦੇ ਹਿਸਾਬ ਨਾਲ ਨਾਅਰਿਆਂ ਵਾਲੀਆਂ ਪਾਣੀ ਦੀਆਂ ਬੋਤਲਾਂ, ਵੱਖ-ਵੱਖ ਆਕਾਰ ਦੇ ਸਕੂਲ ਬੈਗ, ਜਿਓਮੈਟਰੀ ਬਾਕਸ ਅਤੇ ਏ-4 ਤੇ ਏ-5 ਆਕਾਰ ਦੀਆਂ 172 ਪੰਨਿਆਂ ਵਾਲੀਆਂ ਕਾਪੀਆਂ ਸ਼ਾਮਲ ਹਨ। ਸਕੂਲ ਬੈਗਾਂ ਲਈ ਵੱਡਾ, ਦਰਮਿਆਨਾ ਅਤੇ ਛੋਟਾ ਆਕਾਰ ਵੀ ਨਿਰਧਾਰਤ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਚਾਰ ਸਮੱਗਰੀ ’ਤੇ “ਪਰਾਲੀ ਨੂੰ ਅੱਗ ਨਹੀਂ-ਖੇਤ ਵਿੱਚ ਹੀ ਖਪਾਓ”, “ਪਰਾਲੀ ਸਾੜਨਾ ਬੰਦ, ਜ਼ਮੀਨ ਰਹੇ ਤੰਦਰੁਸਤ” ਅਤੇ “ਪਰਾਲੀ ਨੂੰ ਖੇਤ ਦੀ ਖਾਦ ਬਣਾਓ” ਵਰਗੇ ਜਾਗਰੂਕਤਾ ਨਾਅਰੇ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਜੋ ਪਰਾਲੀ ਦੇ ਸੁਚੱਜੇ ਪ੍ਰਬੰਧਨ ਦਾ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।
ਉਨ੍ਹਾਂ ਦੱਸਿਆ ਕਿ ਇੱਛੁਕ ਸਪਲਾਇਰਾਂ/ਕੰਪਨੀ ਵੱਲੋਂ ਹਰੇਕ ਸਮੱਗਰੀ ਦੀ ਸਪਲਾਈ ਲਈ ਪ੍ਰਤੀ ਯੂਨਿਟ ਦਰ, ਲਾਗੂ ਟੈਕਸਾਂ ਸਮੇਤ, ਕੁਟੇਸ਼ਨ ਵਿੱਚ ਸਪੱਸ਼ਟ ਤੌਰ ’ਤੇ ਦਰਸਾਈ ਜਾਣੀ ਹੈ। ਕੁਟੇਸ਼ਨ ਦੇ ਨਾਲ ਸਬੰਧਤ ਨਮੂਨੇ/ਫੋਟੋ, ਫਰਮ ਦਾ ਪਤਾ ਅਤੇ ਹੋਰ ਲੋੜੀਂਦੇ ਵੇਰਵੇ ਵੀ ਪੇਸ਼ ਕਰਨੇ ਹੋਣਗੇ। ਪੱਤਰ ਵਿੱਚ ਦਰਜ ਸ਼ਰਤਾਂ ਅਨੁਸਾਰ ਕੁਟੇਸ਼ਨਾਂ 17 ਸਤੰਬਰ ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਪਹੁੰਚਣੀਆਂ ਲਾਜ਼ਮੀ ਹਨ ਅਤੇ ਦੇਰੀ ਨਾਲ ਪ੍ਰਾਪਤ ਹੋਣ ਵਾਲੀਆਂ ਕੁਟੇਸ਼ਨਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਡਾ. ਹਰਬੰਸ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੱਗਰੀ ਦਾ ਮਕਸਦ ਪਰਾਲੀ ਪ੍ਰਬੰਧਨ ਦੇ ਸੁਨੇਹੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਮਾਲੇਰਕੋਟਲਾ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਇਸ ਨੂੰ ਖੇਤ ਵਿੱਚ ਹੀ ਸੰਭਾਲਣ ਅਤੇ ਖਾਦ ਦੇ ਰੂਪ ਵਿੱਚ ਵਰਤਣ ਨੂੰ ਤਰਜੀਹ ਦੇਣ, ਤਾਂ ਜੋ ਮਿੱਟੀ ਦੀ ਸਿਹਤ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਸਾਂਝਾ ਯੋਗਦਾਨ ਪਾਇਆ ਜਾ ਸਕੇ।






