ਗੋਆ: ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਗੋਆ ਵਿੱਚ E20-ਮਿਸ਼ਰਤ ਪੈਟਰੋਲ ਦੇ ਵਿਰੋਧ ਵਿੱਚ ਆਪਣੀ ਦੂਜੀ ਟਾਊਨਹਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 3 ਵਜੇ ਮੀਰਾਮਾਰ ਸਥਿਤ ਵਿਵਾਂਤਾ ਬੈਂਕੁਇਟ ਹਾਲ ਵਿੱਚ ਹੋਵੇਗੀ। ਇਸ ਵਿੱਚ E20 ਪੈਟਰੋਲ ਕਾਰਨ ਕਥਿਤ ਤੌਰ ’ਤੇ ਪ੍ਰਭਾਵਿਤ ਲੋਕ ਆਪਣੇ ਤਜਰਬੇ ਸਾਂਝੇ ਕਰਨਗੇ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ E20 ਪੈਟਰੋਲ ਕਾਰਨ ਕਈ ਵਾਹਨਾਂ ਦੇ ਇੰਜਣ ਅਤੇ ਫਿਊਲ ਸਿਸਟਮ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਵਾਹਨਾਂ ਦੀ ਮਾਈਲੇਜ ਵੀ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਗੋਆ ਦੌਰੇ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ WhatsApp ਸੁਨੇਹੇ ਅਤੇ ਟਿੱਪਣੀਆਂ ਮਿਲੀਆਂ ਹਨ।
ਕੇਜਰੀਵਾਲ ਨੇ ਐਥਨਾਲ ਨੀਤੀ ਨੂੰ ਲੈ ਕੇ ਚੀਨੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਲਗਭਗ 25 ਲੱਖ ਟਨ ਗੰਨੇ ਨੂੰ ਚੀਨੀ ਉਤਪਾਦਨ ਦੀ ਬਜਾਏ ਐਥਨਾਲ ਬਣਾਉਣ ਵੱਲ ਮੋੜਿਆ ਗਿਆ, ਜਿਸ ਕਾਰਨ ਚੀਨੀ ਦੀਆਂ ਕੀਮਤਾਂ ਵਧੀਆਂ ਹਨ। ਉਨ੍ਹਾਂ ਦੇ ਦਾਅਵੇ ਮੁਤਾਬਕ ਚੀਨੀ ਦੀ ਕੀਮਤ 31 ਜੁਲਾਈ ਨੂੰ ਕਰੀਬ 45 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 70 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਹੈ।
AAP ਮੁਖੀ ਨੇ ਕਿਹਾ ਕਿ E20 ਨੀਤੀ ਦੇ ਕਾਰਨ ਇੱਕ ਪਾਸੇ ਲੋਕ ਵਾਹਨਾਂ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਚੀਨੀ ਅਤੇ ਮੱਕੀ ਦੀ ਦਰਾਮਦ ਕਾਰਨ ਵਿਦੇਸ਼ੀ ਮੁਦਰਾ ਦੀ ਬਚਤ ਸਬੰਧੀ ਸਰਕਾਰ ਦੇ ਦਾਅਵਿਆਂ ’ਤੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਕੇਜਰੀਵਾਲ ਨੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੀਆਂ ਨੀਤੀਆਂ ਲਾਗੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਾਊਨਹਾਲ ਵਿੱਚ ਸ਼ਾਮਲ ਹੋ ਕੇ E20 ਪੈਟਰੋਲ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਸਾਹਮਣੇ ਰੱਖਣ।
ਲੋਕ ਆਪਣੀਆਂ ਸਮੱਸਿਆਵਾਂ WhatsApp ਰਾਹੀਂ ਵੀ ਸਾਂਝੀਆਂ ਕਰ ਸਕਦੇ ਹਨ। ਇਸ ਲਈ +91 76698 03441 ਨੰਬਰ ਜਾਰੀ ਕੀਤਾ ਗਿਆ ਹੈ।






