ਲੁਧਿਆਣਾ, 06 ਅਕਤੂਬਰ 2026 (000) –
ਰੈਲੀ ਸੰਚਾਲਨ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵਿਸ਼ੇਸ਼ ਤੌਰ ’ਤੇ ਕੀਤੀ ਸ਼ਲਾਘਾ
ਭਰਤੀ ਪ੍ਰਕਿਰਿਆ ’ਚ ਨਿਰਪੱਖਤਾ, ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਕਾਇਮ ਰੱਖਣ ਦੀ ਮਹੱਤਤਾ ‘ਤੇ ਵੀ ਦਿੱਤਾ ਜ਼ੋਰ
11 ਕੋਰ ਦੇ ਚੀਫ਼ ਆਫ਼ ਸਟਾਫ (ਸੀ.ਓ.ਐਸ.) ਮੇਜਰ ਜਨਰਲ ਪਵਨ ਕੁਮਾਰ ਸਿੰਘ, ਐਸ.ਐਮ. ਵੱਲੋਂ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਫੌਜ ਭਰਤੀ ਰੈਲੀ ਦਾ ਦੌਰਾ ਕਰਦਿਆਂ ਸੰਚਾਲਨ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਜੈਡ ਆਰ ਓ (ਪੰਜਾਬ ਅਤੇ ਜੰਮੂ-ਕਸ਼ਮੀਰ) ਦੀ ਦੇਖ-ਰੇਖ ਹੇਠ ਆਰਮੀ ਰਿਕਰੂਟਿੰਗ ਦਫ਼ਤਰ (ਏ ਆਰ ਓ) ਲੁਧਿਆਣਾ ਵੱਲੋਂ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 04 ਅਕਤੂਬਰ ਤੋਂ 10 ਅਕਤੂਬਰ 2026 ਤੱਕ ਫੌਜ ਭਰਤੀ ਰੈਲੀ ਕਰਵਾਈ ਜਾ ਰਹੀ ਹੈ।
ਦੌਰੇ ਦੌਰਾਨ, ਚੀਫ਼ ਆਫ਼ ਸਟਾਫ ਨੇ ਉਮੀਦਵਾਰਾਂ ਅਤੇ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਰੈਲੀ ਨੂੰ ਸੁਚਾਰੂ, ਪਾਰਦਰਸ਼ੀ ਅਤੇ ਕੁਸ਼ਲ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਰਤੀ ਅਮਲੇ, ਸਬੰਧਤ ਫੌਜੀ ਇਕਾਈ ਅਤੇ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਉਮੀਦਵਾਰਾਂ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੌਰਾਨ ਅਨੁਸ਼ਾਸਨ, ਦ੍ਰਿੜ੍ਹ ਇਰਾਦਾ ਅਤੇ ਸਰੀਰਕ ਤੰਦਰੁਸਤੀ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
ਸੀ ਓ ਐਸ ਮੇਜਰ ਜਨਰਲ ਪਵਨ ਕੁਮਾਰ ਸਿੰਘ ਨੇ ਭਰਤੀ ਪ੍ਰਕਿਰਿਆ ਦੌਰਾਨ ਨਿਰਪੱਖਤਾ, ਪਾਰਦਰਸ਼ਤਾ ਅਤੇ ਇਮਾਨਦਾਰੀ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਇਹ ਫੌਜ ਭਰਤੀ ਰੈਲੀ ਖੇਤਰ ਦੇ ਯੋਗ ਨੌਜਵਾਨਾਂ ਲਈ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੀ ਹੈ। ਇਹ ਰੈਲੀ ਨਿਰਧਾਰਤ ਭਰਤੀ ਪ੍ਰਕਿਰਿਆਵਾਂ ਅਤੇ ਮਿਆਰਾਂ ਅਨੁਸਾਰ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾ ਰਹੀ ਹੈ।






