ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਕਥਿਤ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਦੋ ਵੱਡੇ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਗੈਰ-ਕਾਨੂੰਨੀ ਪਿਸਤੌਲ, 1.054 ਕਿਲੋ ਹੈਰੋਇਨ, 5 ਜ਼ਿੰਦਾ ਕਾਰਤੂਸ ਅਤੇ ਇੱਕ ਡਰੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮੁੱਢਲੀ ਜਾਂਚ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਕਥਿਤ ਸਮੱਗਲਰਾਂ ਦੇ ਸੰਪਰਕ ਵਿੱਚ ਸਨ। ਪੁਲਿਸ ਅਨੁਸਾਰ ਇਹ ਹੈਂਡਲਰ ਅੰਤਰਰਾਸ਼ਟਰੀ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਵਿੱਚ ਮਦਦ ਕਰ ਰਹੇ ਸਨ। ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਨੈੱਟਵਰਕ ਨਾਲ ਜੁੜੀਆਂ ਹੋਰ ਕੜੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਥਾਣਾ ਕੈਂਟ ਅਤੇ ਥਾਣਾ ਡੀ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਹੁਣ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਦੇ ਸਰੋਤ, ਉਨ੍ਹਾਂ ਦੇ ਅੱਗੇਲੇ ਸੰਪਰਕਾਂ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦਾ ਮੁੱਖ ਉਦੇਸ਼ ਸਰਹੱਦ ਪਾਰੋਂ ਚੱਲ ਰਹੇ ਪੂਰੇ ਸਮੱਗਲਿੰਗ ਨੈੱਟਵਰਕ ਦਾ ਪਤਾ ਲਗਾਉਣਾ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨਾ ਹੈ। ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹੋ ਰਹੀ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।






