ਅੰਬਾਲਾ ਛਾਉਣੀ ਖੇਤਰ ਵਿੱਚ ਤਾਇਨਾਤ ਅਗਨੀਵੀਰ ਸਿਪਾਹੀ ਮੋਈਨ ਖਾਨ (23), ਜੋ ਗਾਜ਼ੀਆਬਾਦ ਦਾ ਰਹਿਣ ਵਾਲਾ ਸੀ, ਨੇ ਕਥਿਤ ਤੌਰ ‘ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਜਾਣਕਾਰੀ ਮੁਤਾਬਕ, ਖਾਨ ਨੇ ਸੋਮਵਾਰ ਨੂੰ ਇਹ ਕਦਮ ਚੁੱਕਿਆ। ਉਸਦੇ ਕੁਝ ਸਾਥੀ ਦਫ਼ਤਰ ਪੁੱਜੇ ਤਾਂ ਉਹ ਮੋਈਨ ਦੀ ਦੇਹ ਨੂੰ ਛੱਤ ਤੋਂ ਲਟਕਦਾ ਦੇਖਿਆ। ਫੌਰੀ ਤੌਰ ‘ਤੇ ਸੀਨੀਅਰ ਅਧਿਕਾਰੀਆਂ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ।
ਅੰਬਾਲਾ ਛਾਉਣੀ ਪੁਲੀਸ ਪੋਸਟ ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਮੋਈਨ ਖਾਨ ਨੂੰ 2022 ਵਿੱਚ ਅਗਨੀਵੀਰ ਸਕੀਮ ਅਧੀਨ ਭਰਤੀ ਕੀਤਾ ਗਿਆ ਸੀ। ਅਜੇ ਤੱਕ ਖੁਦਕੁਸ਼ੀ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ। ਅੰਬਾਲਾ ਛਾਉਣੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਸੁਰੇਂਦਰ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।







