ਜਗਰਾਓ: ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਕੰਨਿਆ ਹੁਸੈਨੀ ਵਿੱਚ ਨਾਜਾਇਜ਼ ਮਾਈਨਿੰਗ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਾਣਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਵੱਲੋਂ ਪੰਜਾਬ ਦੀਆਂ 85 ਡਿਸੈਲਟਿੰਗ ਸਾਈਟਾਂ ‘ਤੇ ਰੋਕ ਲਗਾਈ ਹੋਣ ਦੇ ਬਾਵਜੂਦ, ਇੱਥੇ ਕਥਿਤ ਤੌਰ ‘ਤੇ ਵੱਡੇ ਪੱਧਰ ‘ਤੇ ਰੇਤ ਦੀ ਖੁਦਾਈ ਜਾਰੀ ਹੈ।
ਕਪੂਰਥਲਾ ਦੇ ਪਿੰਡ ਸੰਗੋਜਲਾ ਦੇ ਸਮਾਜ ਸੇਵੀ ਗੁਰਜੀਤ ਸਿੰਘ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਐੱਨ.ਜੀ.ਟੀ. ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਉਨ੍ਹਾਂ ਨੇ ਡਰੇਨੇਜ ਅਤੇ ਮਾਈਨਿੰਗ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਇੱਕ ਨਿੱਜੀ ਕੰਪਨੀ ‘ਤੇ ਗੰਭੀਰ ਦੋਸ਼ ਲਗਾਏ ਹਨ।
ਕੇ.ਐੱਲ.ਐੱਮ. ਹੱਦਾਂ ਤੋਂ ਬਾਹਰ ਮਾਈਨਿੰਗ ਦੇ ਦੋਸ਼
ਸ਼ਿਕਾਇਤ ਅਨੁਸਾਰ, ਐੱਮ/ਐੱਸ ਜੀ.ਡੀ.ਪੀ. (GTP) ਇਨਫਰਾਸਟ੍ਰਕਚਰ ਕੰਪਨੀ ਵੱਲੋਂ ਅਲਾਟ ਕੀਤੀ ਸਾਈਟ ‘ਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਦਾਅਵਾ ਹੈ ਕਿ ਕੰਪਨੀ ਕੇ.ਐੱਲ.ਐੱਮ. ਹੱਦਾਂ ਤੋਂ ਬਾਹਰ ਜਾ ਕੇ ਦਰਿਆ ਦੇ ਵਗਦੇ ਪਾਣੀ ਵਿੱਚੋਂ ਮਸ਼ੀਨਾਂ ਨਾਲ ਰੇਤ ਕੱਢ ਰਹੀ ਹੈ।
ਇਹ ਵੀ ਕਿਹਾ ਗਿਆ ਹੈ ਕਿ ਅਲਾਟ ਕੀਤੀ ਜਗ੍ਹਾ ‘ਤੇ ਮਿੱਟੀ ਹੋਣ ਕਾਰਨ, ਕੰਪਨੀ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਰੇਤ ਕੱਢ ਕੇ ਲੁਧਿਆਣਾ ਸਾਈਡ ‘ਤੇ ਵੇਚੀ ਜਾ ਰਹੀ ਹੈ। ਇਹ ਕੰਮ ਜ਼ਿਆਦਾਤਰ ਰਾਤ ਦੇ ਸਮੇਂ (ਕਰੀਬ 2 ਵਜੇ) ਕੀਤਾ ਜਾਂਦਾ ਹੈ, ਜਿਸ ਦੀਆਂ ਵੀਡੀਓ ਅਤੇ ਸੀ.ਸੀ.ਟੀ.ਵੀ. ਫੁਟੇਜ ਵੀ ਮੌਜੂਦ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਬਲੈਕਲਿਸਟ ਕੰਪਨੀ ਨੂੰ ਮੁੜ ਕੰਮ ਦੇਣ ‘ਤੇ ਸਵਾਲ
ਗੁਰਜੀਤ ਸਿੰਘ ਨੇ ਮਾਈਨਿੰਗ ਅਤੇ ਡਰੇਨੇਜ ਵਿਭਾਗ ਦੇ ਕਈ ਅਧਿਕਾਰੀਆਂ ‘ਤੇ ਮਿਲੀਭੁਗਤ ਦੇ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ, ਇਸ ਕੰਪਨੀ ਖ਼ਿਲਾਫ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ ਅਤੇ 6 ਜਨਵਰੀ ਨੂੰ ਪੁਲਿਸ ਨੂੰ ਪੱਤਰ ਜਾਰੀ ਕਰਕੇ ਕੰਪਨੀ ਨੂੰ ਬਲੈਕਲਿਸਟ ਕੀਤਾ ਗਿਆ ਸੀ।
ਫਿਰ ਵੀ ਕਥਿਤ ਤੌਰ ‘ਤੇ ਸਿਆਸੀ ਦਬਾਅ ਅਤੇ ਅਧਿਕਾਰੀਆਂ ਦੀ ਗੰਢ-ਤੁੱਪ ਨਾਲ ਕੰਪਨੀ ਨੂੰ ਮੁੜ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ।
ਅਦਾਲਤ ਜਾਣ ਦੀ ਚੇਤਾਵਨੀ
ਸ਼ਿਕਾਇਤਕਰਤਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਹੋਏ ਨੁਕਸਾਨ ਦੀ ਭਰਪਾਈ ਸੰਬੰਧਿਤ ਪੱਖਾਂ ਤੋਂ ਕਰਵਾਈ ਜਾਵੇ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਦੋ ਦਿਨਾਂ ਵਿੱਚ ਕੋਈ ਢੁਕਵੀਂ ਕਾਰਵਾਈ ਨਾ ਹੋਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਇਸ ਮਾਮਲੇ ਦੀਆਂ ਕਾਪੀਆਂ ਚੀਫ ਸੈਕਟਰੀ ਪੰਜਾਬ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐੱਸ.ਐੱਸ.ਪੀ. ਜਗਰਾਉਂ ਨੂੰ ਵੀ ਭੇਜੀਆਂ ਗਈਆਂ ਹਨ। ਹੁਣ ਨਜ਼ਰ ਪ੍ਰਸ਼ਾਸਨ ਦੀ ਕਾਰਵਾਈ ‘ਤੇ ਟਿਕੀ ਹੋਈ ਹੈ।






