Tuesday, July 14, 2026
Home Haryana News 21 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਹਾਰ ਗਈ ਜ਼ਿੰਦਗੀ ਦੀ ਜੰਗ, ਬੋਰਵੈੱਲ...

21 ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਹਾਰ ਗਈ ਜ਼ਿੰਦਗੀ ਦੀ ਜੰਗ, ਬੋਰਵੈੱਲ ‘ਚੋਂ 4 ਸਾਲਾ ਨਿਰਵੈਰ ਦੀ ਲਾਸ਼ ਬਰਾਮਦ

0
13

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਧਨੌਰਾ ਪਿੰਡ ਵਿੱਚ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਨਿਰਵੈਰ ਸਿੰਘ ਨੂੰ ਬਚਾਉਣ ਲਈ ਚੱਲਿਆ 21 ਘੰਟਿਆਂ ਦਾ ਰੈਸਕਿਊ ਆਪਰੇਸ਼ਨ ਆਖ਼ਰਕਾਰ ਦੁੱਖਦਾਈ ਅੰਤ ਨਾਲ ਖ਼ਤਮ ਹੋਇਆ। ਬੁੱਧਵਾਰ ਤੜਕੇ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ, ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਮੁਤਾਬਕ ਨਿਰਵੈਰ ਸਿੰਘ ਮੰਗਲਵਾਰ ਸਵੇਰੇ ਆਪਣੇ ਪਿਤਾ ਨਾਲ ਖੇਤਾਂ ਵਿੱਚ ਗਿਆ ਸੀ। ਇਸ ਦੌਰਾਨ ਉਹ ਖੇਡਦਾ-ਖੇਡਦਾ ਖੁੱਲ੍ਹੇ ਅਤੇ ਗੈਰ-ਵਰਤੋਂ ਵਾਲੇ ਬੋਰਵੈੱਲ ਕੋਲ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਦੇ ਆਲੇ-ਦੁਆਲੇ ਦੀ ਗਿੱਲੀ ਮਿੱਟੀ ਅਚਾਨਕ ਧੱਸ ਗਈ, ਜਿਸ ਕਾਰਨ ਉਹ ਕਰੀਬ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਪਿਆ। ਘਟਨਾ ਤੋਂ ਬਾਅਦ ਪਰਿਵਾਰ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ (NDRF), ਐਸਡੀਆਰਐਫ (SDRF), ਫੌਜ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਬੱਚੇ ਤੱਕ ਪਹੁੰਚਣ ਲਈ ਭਾਰੀ ਮਸ਼ੀਨਰੀ ਦੀ ਮਦਦ ਨਾਲ ਬੋਰਵੈੱਲ ਦੇ ਸਮਾਨਾਂਤਰ ਇੱਕ ਡੂੰਘਾ ਖੱਡਾ ਖੋਦਿਆ ਗਿਆ। ਕਰੀਬ 21 ਘੰਟਿਆਂ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਤੜਕੇ ਲਗਭਗ 3:40 ਵਜੇ ਨਿਰਵੈਰ ਨੂੰ ਬਾਹਰ ਕੱਢਿਆ ਗਿਆ ਅਤੇ ਫੌਰੀ ਤੌਰ ‘ਤੇ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਖੁੱਲ੍ਹੇ ਅਤੇ ਗੈਰ-ਸੁਰੱਖਿਅਤ ਬੋਰਵੈੱਲਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਬੋਰਵੈੱਲਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਪਰਵਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here