ਪਟਿਆਲਾ : ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਕਮਿਸ਼ਨਰ ਪੰਜਾਬ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਫੂਡ ਸੇਫਟੀ ਟੀਮ ਵੱਲੋਂ ਮਈ ਅਤੇ ਜੂਨ 2026 ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ ਗਏ। ਇਨ੍ਹਾਂ ਵਿੱਚ ਮਈ 2026 ਦੌਰਾਨ 38 ਅਤੇ ਜੂਨ 2026 ਦੌਰਾਨ 38 ਸੈਂਪਲ ਭਰੇ ਗਏ ਸਨ।
ਸਟੇਟ ਫੂਡ ਲੈਬਾਰਟਰੀ ਤੋਂ ਪ੍ਰਾਪਤ ਵਿਸ਼ਲੇਸ਼ਣ ਰਿਪੋਰਟਾਂ ਅਨੁਸਾਰ ਮਈ 2026 ਦੌਰਾਨ ਭਰੇ ਗਏ ਸੈਂਪਲਾਂ ਵਿੱਚੋਂ ਕਈ ਸੈਂਪਲ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਏ ਗਏ ਜਿਵੇਂ ਕਿ ਸੁਖਵਿੰਦਰ ਟੀ ਸਟਾਲ, ਸਵੀਟਸ ਐਂਡ ਡੇਅਰੀ ਤੋਂ ਭਰਿਆ ਗਿਆ ਦਹੀਂ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਡੇਅਰੀਲੈਂਡ ਫਾਰਮ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਜਨਤਾ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਕਿਰਪਾਲ ਡੇਅਰੀ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਮੱਖਣ ਡੇਅਰੀ ਐਂਡ ਸਵੀਟਸ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ, ਸਤਿਗੁਰੂ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ, ਮੈਣੀ ਸਵੀਟਸ ਤੋਂ ਭਰਿਆ ਗਿਆ ਖੋਆ ਬਰਫ਼ੀ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਸਾਹਨੀ ਬੇਕਰੀ ਤੋਂ ਭਰਿਆ ਗਿਆ ਵਨਿਲਾ ਮਿਲਕ ਕੇਕ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ ਗਿਆ। ਮਈ 2026 ਦੌਰਾਨ ਭਰੇ ਗਏ ਕੁੱਲ 38 ਸੈਂਪਲਾਂ ਵਿੱਚੋਂ 5 ਸੈਂਪਲ ਸਬਸਟੇਂਡਰਡ, 3 ਸੈਂਪਲ ਅਨਸੇਫ ਅਤੇ ਬਾਕੀ 30 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ।
ਜੂਨ 2026 ਦੌਰਾਨ ਭਰੇ ਗਏ ਸੈਂਪਲਾਂ ਦੀਆਂ ਹੁਣ ਤੱਕ ਪ੍ਰਾਪਤ ਵਿਸ਼ਲੇਸ਼ਣ ਰਿਪੋਰਟਾਂ ਅਨੁਸਾਰ ਕਈ ਸੈਂਪਲ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਏ ਗਏ ਜਿਵੇਂ ਕਿ ਪਹਿਲਵਾਨ ਸਵੀਟਸ ਐਂਡ ਸਨੈਕਸ ਤੋਂ ਭਰਿਆ ਗਿਆ ਗਰੀਨ ਚਟਨੀ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਸੰਨੀ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਏ.ਕੇ. ਪ੍ਰੋਵਿਜ਼ਨ ਸਟੋਰ ਤੋਂ ਭਰਿਆ ਗਿਆ ਦੇਸੀ ਘਿਓ ਦਾ ਸੈਂਪਲ ਮਿਸਲੀਡਿੰਗ ਅਤੇ ਅਨਸੇਫ ਘੋਸ਼ਿਤ ਕੀਤਾ, ਲੌਰੀਅਨ ਹੋਟਲ ਐਂਡ ਰਿਜ਼ੋਰਟ ਐੱਲ.ਐੱਲ.ਪੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਅਤੇ ਲੌਰੀਅਨ ਹੋਟਲ ਐਂਡ ਰਿਜ਼ੋਰਟ ਐੱਲ.ਐੱਲ.ਪੀ. ਤੋਂ ਭਰਿਆ ਗਿਆ ਹਾਟ ਗਾਰਲਿਕ ਚਟਨੀ ਦਾ ਸੈਂਪਲ ਵੀ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੇ 7 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ ਹਨ।
ਇਸ ਤਰ੍ਹਾਂ ਮਈ ਅਤੇ ਜੂਨ 2026 ਦੌਰਾਨ ਭਰੇ ਗਏ ਕੁੱਲ 76 ਸੈਂਪਲਾਂ ਵਿੱਚੋਂ ਹੁਣ ਤੱਕ 9 ਸੈਂਪਲ ਸਬਸਟੇਂਡਰਡ, 4 ਸੈਂਪਲ ਅਨਸੇਫ, ਜਿਨ੍ਹਾਂ ਵਿੱਚੋਂ ਇੱਕ ਸੈਂਪਲ ਮਿਸਲੀਡਿੰਗ ਅਤੇ ਅਨਸੇਫ, ਅਤੇ 37 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ ਹਨ। ਬਾਕੀ 26 ਸੈਂਪਲਾਂ ਦੀਆਂ ਵਿਸ਼ਲੇਸ਼ਣ ਰਿਪੋਰਟਾਂ ਅਜੇ ਤੱਕ ਪ੍ਰਾਪਤ ਨਹੀਂ ਹੋਈਆਂ ਹਨ।
ਮਾਪਦੰਡਾਂ ਅਨੁਸਾਰ ਸਹੀ ਨਾ ਪਾਏ ਗਏ ਸੈਂਪਲਾਂ ਨਾਲ ਸਬੰਧਤ ਫੂਡ ਬਿਜ਼ਨੇਸ ਆਪਰੇਟਰ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਲ੍ਹਾ ਸਿਹਤ ਅਫਸਰ ਡਾ.ਗੁਰਪ੍ਰੀਤ ਕੌਰ ਵੱਲੋਂ ਸਮੂਹ ਫੂਡ ਬਿਜਨੈਸ ਓਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਖੁਰਾਕੀ ਵਸਤੂਆਂ ਨੂੰ ਸਾਫ਼-ਸੁਥਰੇ ਅਤੇ ਸੁਰੱਖਿਅਤ ਢੰਗ ਨਾਲ ਤਿਆਰ ਅਤੇ ਸਟੋਰ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਸਿਰਫ਼ ਮਿਆਰੀ ਅਤੇ ਸੁਰੱਖਿਅਤ ਖਾਦ ਪਦਾਰਥ ਹੀ ਮੁਹੱਈਆ ਕਰਵਾਏ ਜਾਣ।
ਫੋਟੋ- ਫੂਡ ਸੇਂਪਲਿੰਗ ਦੌਰਾਨ ਸਿਹਤ ਅਧਿਕਾਰੀ।









