• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਕੌਮਾਂਤਰੀ ਹਾਕੀ ਮੁਕਾਬਲੇ ਕਰਵਾਉਣ ਦੇ ਉਪਰਾਲੇ ਸ਼ਲਾਘਾਯੋਗ; ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਮਜ਼ਬੂਤ ਸਾਧਨ – ਕੁਲਵੰਤ ਸਿੰਘ ਗੱਜਣਮਾਜਰਾ
• ਨੌਜਵਾਨਾਂ ਦੀ ਊਰਜਾ ਨੂੰ ਖੇਡ ਮੈਦਾਨਾਂ ਵੱਲ ਮੋੜ ਕੇ ਹੀ ਸਿਰਜਿਆ ਜਾ ਸਕਦਾ ਹੈ ਸਿਹਤਮੰਦ ਤੇ ਨਸ਼ਾ ਮੁਕਤ ਸਮਾਜ – ਐਸ.ਡੀ.ਐਮ. ਰਾਜੇਸ਼ ਕੁਮਾਰ ਸ਼ਰਮਾ
ਅਮਰਗੜ੍ਹ/ ਮਾਲੇਰਕੋਟਲਾ : ਪੰਜਾਬ ਵਿੱਚ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ ਵੱਕਾਰੀ ਅੰਤਰਰਾਸ਼ਟਰੀ ਹਾਕੀ ਪ੍ਰਤੀਯੋਗਤਾ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਵਿੱਚ ਪਹੁੰਚਣ ’ਤੇ ਅਮਰਗੜ੍ਹ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਸਰਪੰਚ ਕੁਲਵੰਤ ਸਿੰਘ, ਰਾਜੇਸ਼ ਕੁਮਾਰ ਸ਼ਰਮਾ ,ਅੰਤਰਰਾਸ਼ਟਰੀ ਹਾਕੀ ਖਿਡਾਰਨ ਧਰਮਪ੍ਰੀਤ ਕੌਰ, ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ, ਖਿਡਾਰੀਆਂ,ਵਿਦਿਆਰਥੀਆਂ ਅਤੇ ਖੇਡ ਪ੍ਰੇਮੀਆਂ ਨੇ ਵੀ ਇਸ ਖੇਡ ਉਤਸਵ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਨੁਮਾਇੰਦੇ ਵਜੋਂ ਮੁੱਖ ਮਹਿਮਾਨ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਸ਼ਾਮਲ ਹੋਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨ ਪੰਜਾਬ ਦੀ ਖੇਡ ਵਿਰਾਸਤ ਨੂੰ ਨਵੀਂ ਪਛਾਣ ਦੇਣ ਦੇ ਨਾਲ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਖੇਡਾਂ ਉਨ੍ਹਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੀਆਂ ਹਨ।
ਐਸ.ਡੀ.ਐਮ. ਅਮਰਗੜ੍ਹ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਸਿਰਫ਼ ਜਿੱਤ-ਹਾਰ ਤੱਕ ਸੀਮਤ ਨਹੀਂ, ਸਗੋਂ ਸਿਹਤਮੰਦ ਜੀਵਨ ਅਤੇ ਚੰਗੇ ਚਰਿੱਤਰ ਦੀ ਸਿਰਜਣਾ ਦਾ ਅਹਿਮ ਸਾਧਨ ਹਨ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਦੇ ਹੱਥਾਂ ਵਿੱਚ ਹਾਕੀ ਸਟਿੱਕ ਅਤੇ ਮਨ ਵਿੱਚ ਮੰਜ਼ਿਲ ਹਾਸਲ ਕਰਨ ਦਾ ਸੁਪਨਾ ਹੋਵੇਗਾ, ਤਾਂ ਉਨ੍ਹਾਂ ਦੀ ਊਰਜਾ ਨੂੰ ਨਸ਼ਿਆਂ ਦੀ ਬਜਾਏ ਉਸਾਰੂ ਦਿਸ਼ਾ ਮਿਲੇਗੀ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੀ ਖੇਡਾਂ ਵਿੱਚ ਭਾਗੀਦਾਰੀ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਛੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਤੋਂ ਪਹਿਲਾਂ ਪੰਜਾਬ ਭਰ ਵਿੱਚ ਕਰਵਾਏ ਜਾ ਰਹੇ ਟਰਾਫ਼ੀ ਟੂਰ ਦਾ ਉਦੇਸ਼ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਉਤਸ਼ਾਹ ਪੈਦਾ ਕਰਨਾ ਹੈ।
ਸਮਾਗਮ ਦੌਰਾਨ ਸਕੂਲੀ ਬੈਂਡ ਵੱਲੋਂ ਟਰਾਫ਼ੀ ਦਾ ਸਵਾਗਤ ਕੀਤਾ ਗਿਆ ਅਤੇ ਜ਼ਿਲ੍ਹੇ ਦੀ ਗੱਤਕਾ ਟੀਮ ਵੱਲੋਂ ਵਿਰਾਸਤੀ ਜੰਗਜੂ ਕਲਾ ਦੇ ਸ਼ਾਨਦਾਰ ਕਰਤਬਾਂ ਦਾ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਲੜਕਿਆਂ ਅਤੇ ਲੜਕੀਆਂ ਦੇ ਪ੍ਰਦਰਸ਼ਨੀ ਹਾਕੀ ਮੈਚ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਰਾਊਂਡ ਗਲਾਸ ਹਾਕੀ ਟੀਮ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਟਰੱਸਟ ਦੇ ਪ੍ਰਧਾਨ ਭੁਪਿੰਦਰ ਸਿੰਘ, ਪ੍ਰਿੰਸੀਪਲ ਸ੍ਰੀਮਤੀ ਇਸ਼ਿਤਾ ਅਰੋੜਾ, ਸੀਨੀਅਰ ਸਹਾਇਕ ਰਾਜਬੀਰ ਸਿੰਘ ਢਿੱਲੋਂ, ਸੀਨੀਅਰ ਬਾਕਸਿੰਗ ਕੋਚ ਮੁਹੰਮਦ ਹਬੀਬ, ਬੈਡਮਿੰਟਨ ਕੋਚ ਅਬਦੁੱਲਾ ਜਮੀਲ, ਐਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਘੁੰਮਣ, ਜੂਡੋ ਕੋਚ ਮੁਹੰਮਦ ਇਮਰਾਨ, ਬਾਕਸਿੰਗ ਕੋਚ ਸਨੀ, ਕੁਸ਼ਤੀ ਕੋਚ ਜਾਹਿਦ ਪ੍ਰਵੇਜ਼ ਅਤੇ ਹਾਕੀ ਕੋਚ ਮਨਦੀਪ ਸਿੰਘ ਸੈਡੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।



