ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ 2026 ਦੇ ਨੌਵੇਂ ਦਿਨ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਡੋ ਅਤੇ ਐਥਲੈਟਿਕਸ ਵਿੱਚ 6 ਤਗਮੇ ਆਪਣੇ ਨਾਮ ਕੀਤੇ। ਇਸ ਨਾਲ ਭਾਰਤ ਦੀ ਕੁੱਲ ਤਗਮਿਆਂ ਦੀ ਗਿਣਤੀ 23 ਹੋ ਗਈ ਹੈ। ਭਾਰਤ ਨੇ ਹੁਣ ਤੱਕ 5 ਸੋਨ, 12 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ ਹਨ। ਹਾਲਾਂਕਿ ਤਗਮਾ ਸੂਚੀ ਵਿੱਚ ਭਾਰਤ 10ਵੇਂ ਸਥਾਨ ‘ਤੇ ਹੈ, ਜਦਕਿ 24 ਤਗਮਿਆਂ ਨਾਲ ਵੇਲਜ਼ ਨੌਵੇਂ ਸਥਾਨ ‘ਤੇ ਕਾਬਜ਼ ਹੈ।
ਜੂਡੋ ਵਿੱਚ ਅਸਮਿਤਾ ਡੇ ਨੇ ਮਹਿਲਾ 48 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ। ਹਰਸ਼ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਵਿੱਚ 10-0 ਨਾਲ ਜਿੱਤ ਦਰਜ ਕਰਦੇ ਹੋਏ ਸੋਨ ਤਗਮਾ ਆਪਣੇ ਨਾਮ ਕੀਤਾ। ਯਾਮਿਨੀ ਮੌਰੀਆ ਨੇ ਮਹਿਲਾ 57 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਐਥਲੈਟਿਕਸ ਵਿੱਚ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ 85.83 ਮੀਟਰ ਦੀ ਥ੍ਰੋਅ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਯਸ਼ਵੀਰ ਸਿੰਘ ਨੇ 85.41 ਮੀਟਰ ਦੀ ਆਪਣੀ ਸਰਵੋਤਮ ਥ੍ਰੋਅ ਨਾਲ ਕਾਂਸੀ ਦਾ ਤਗਮਾ ਜਿੱਤ ਕੇ ਸਭ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਤੇਜਸਵਿਨ ਸ਼ੰਕਰ ਨੇ ਡੈਕਾਥਲੋਨ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਸ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਲ ਕੀਤਾ।
ਭਾਰਤ ਦੇ 5 ਸੋਨ ਤਗਮੇ ਮੀਰਾਬਾਈ ਚਾਨੂ, ਸ਼ਰਮੀਲਾ ਧਨਕੜ, ਦਿਲੀਪ ਗਾਵਿਤ, ਅਸਮਿਤਾ ਡੇ ਅਤੇ ਹਰਸ਼ ਸਿੰਘ ਨੇ ਜਿੱਤੇ ਹਨ। 12 ਚਾਂਦੀ ਦੇ ਤਗਮਿਆਂ ਵਿੱਚ ਰਿਸ਼ੀਕਾਂਤ ਸਿੰਘ, ਮੁਥੁਪੰਡੀ ਰਾਜਾ, ਗਿਆਨੇਸ਼ਵਰੀ ਯਾਦਵ, ਸਰਵੇਸ਼ ਕੁਸ਼ਾਰੇ, ਅਜੈ ਬਾਬੂ ਵੱਲੂਰੀ, ਹਰਜਿੰਦਰ ਕੌਰ, ਗੁਲਵੀਰ ਸਿੰਘ, ਮੁਰਲੀ ਸ਼੍ਰੀਸ਼ੰਕਰ, ਮੁਹੰਮਦ ਬਾਸਿਲ, ਲਵਪ੍ਰੀਤ ਸਿੰਘ, ਯਾਮਿਨੀ ਮੌਰੀਆ ਅਤੇ ਨੀਰਜ ਚੋਪੜਾ ਸ਼ਾਮਲ ਹਨ। ਇਸੇ ਤਰ੍ਹਾਂ 6 ਕਾਂਸੀ ਦੇ ਤਗਮੇ ਝੰਡੂ ਕੁਮਾਰ, ਬਿੰਦਿਆਰਾਨੀ ਦੇਵੀ, ਸ਼ਿਲਪਾ ਸ਼ੈਲਾ, ਸੀਮਾ ਕਾਲੀਰਮਨਾ, ਤੇਜਸਵਿਨ ਸ਼ੰਕਰ ਅਤੇ ਯਸ਼ਵੀਰ ਸਿੰਘ ਨੇ ਭਾਰਤ ਦੀ ਝੋਲੀ ਵਿੱਚ ਪਾਏ ਹਨ।






