ਚੰਡੀਗੜ੍ਹ: ਪੰਜਾਬ ਸਰਕਾਰ ਅੱਜ (1 ਅਗਸਤ) “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਕਰੀਬ 40 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਆਰਥਿਕ ਸਹਾਇਤਾ ਦੀ ਰਕਮ ਟ੍ਰਾਂਸਫਰ ਕਰੇਗੀ। ਇਸ ਯੋਜਨਾ ਅਧੀਨ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 3,000 ਰੁਪਏ ਅਤੇ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਹਿਲਾਵਾਂ ਨੂੰ 4,500 ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਪਠਾਨਕੋਟ ਤੋਂ ਇਸ ਰਕਮ ਦਾ ਟ੍ਰਾਂਸਫਰ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਲਾਭਪਾਤਰੀ ਮਹਿਲਾਵਾਂ ਨੂੰ ਤਿੰਨ ਮਹੀਨਿਆਂ ਦੀ ਰਕਮ ਇੱਕੋ ਵਾਰ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ।
ਸਰਕਾਰ ਮੁਤਾਬਕ ਇਸ ਤੋਂ ਪਹਿਲਾਂ ਕਰੀਬ 32 ਲੱਖ ਮਹਿਲਾਵਾਂ ਦੇ ਖਾਤਿਆਂ ਵਿੱਚ ਰਕਮ ਭੇਜੀ ਜਾ ਚੁੱਕੀ ਹੈ। ਇਸ ਪੜਾਅ ਤੋਂ ਬਾਅਦ ‘ਆਪ’ ਸਰਕਾਰ ਆਪਣੀ ਚੋਣੀ ਗਾਰੰਟੀ ਤਹਿਤ ਸੂਬੇ ਦੀਆਂ ਲਗਭਗ 98 ਲੱਖ ਯੋਗ ਮਹਿਲਾਵਾਂ ਵਿੱਚੋਂ ਕਰੀਬ 72 ਲੱਖ ਮਹਿਲਾਵਾਂ ਨੂੰ ਇਸ ਯੋਜਨਾ ਦੇ ਦਾਇਰੇ ਵਿੱਚ ਲਿਆ ਚੁੱਕੀ ਹੋਵੇਗੀ।






