ਰੋਪੜ: ਰੋਪੜ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਪਿਸਤੌਲ, 6 ਜ਼ਿੰਦਾ ਕਾਰਤੂਸ ਅਤੇ ਇੱਕ ਬਰੀਜ਼ਾ ਕਾਰ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਰਮਨ ਖਾਨ ਵਜੋਂ ਹੋਈ ਹੈ।
ਐਸਐਸਪੀ ਰੋਪੜ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਆਈਆਈਟੀ ਰੋਪੜ ਨੇੜੇ ਓਵਰਬ੍ਰਿਜ ਕੋਲੋਂ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ, ਦੋਵੇਂ ਕਥਿਤ ਤੌਰ ‘ਤੇ ਨਾਲਾਗੜ੍ਹ ਦੇ ਸਿਮੂ ਗੈਂਗ ਨਾਲ ਜੁੜੇ ਹੋਏ ਹਨ, ਜਿਸ ‘ਤੇ ਫਿਰੌਤੀਆਂ ਮੰਗਣ ਅਤੇ ਫਾਇਰਿੰਗ ਵਰਗੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।
ਪੁਲਿਸ ਦਾ ਦਾਅਵਾ ਹੈ ਕਿ ਇਹ ਗੈਂਗ ਰੋਪੜ ਵਿੱਚ ਆਪਣੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਤਿਆਰੀ ਵਿੱਚ ਸੀ, ਪਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ HP 17E 9384 ਨੰਬਰ ਦੀ ਬਰੀਜ਼ਾ ਕਾਰ ਵੀ ਜ਼ਬਤ ਕੀਤੀ ਗਈ ਹੈ।
ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।






