Home World News ਆਸਟਰੇਲੀਆ ਨੇ ਮੱਧ ਪੂਰਬ ਲਈ ਯਾਤਰਾ ਚਿਤਾਵਨੀ ਕੀਤੀ ਸਖ਼ਤ, 6 ਦੇਸ਼ਾਂ ਵਿੱਚ...

ਆਸਟਰੇਲੀਆ ਨੇ ਮੱਧ ਪੂਰਬ ਲਈ ਯਾਤਰਾ ਚਿਤਾਵਨੀ ਕੀਤੀ ਸਖ਼ਤ, 6 ਦੇਸ਼ਾਂ ਵਿੱਚ ਜਾਣ ਤੋਂ ਕੀਤਾ ਸਖ਼ਤ ਮਨ੍ਹਾਂ

0
5

ਕੈਨਬਰਾ: ਮੱਧ ਪੂਰਬ ਵਿੱਚ ਲਗਾਤਾਰ ਵਧ ਰਹੇ ਸੁਰੱਖਿਆ ਤਣਾਅ ਦੇ ਮੱਦੇਨਜ਼ਰ ਆਸਟਰੇਲੀਆ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਨਵੀਂ ਵਿਦੇਸ਼ ਯਾਤਰਾ ਸਲਾਹ (Travel Advisory) ਜਾਰੀ ਕੀਤੀ ਹੈ। ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ (DFAT) ਨੇ ਯਾਤਰੀਆਂ ਨੂੰ ਕਈ ਦੇਸ਼ਾਂ ਦੀ ਯਾਤਰਾ ਤੋਂ ਪਹਿਲਾਂ ਹਾਲਾਤਾਂ ਦਾ ਧਿਆਨ ਨਾਲ ਮੁਲਾਂਕਣ ਕਰਨ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।

ਸਰਕਾਰ ਨੇ ਇਰਾਨ, ਇਰਾਕ, ਲੈਬਨਾਨ, ਸੀਰੀਆ, ਯਮਨ ਅਤੇ ਫ਼ਲਸਤੀਨ ਲਈ ਸਭ ਤੋਂ ਉੱਚ ਪੱਧਰ ਦੀ ਚਿਤਾਵਨੀ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ “ਬਿਲਕੁਲ ਯਾਤਰਾ ਨਾ ਕਰੋ”। ਇਸ ਤੋਂ ਇਲਾਵਾ ਜਾਰਡਨ, ਓਮਾਨ ਅਤੇ ਸਾਊਦੀ ਅਰਬ ਦੀ ਯਾਤਰਾ ਬਾਰੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਬਹਿਰੀਨ, ਕੂਵੈਤ, ਕਤਰ, ਸੰਯੁਕਤ ਅਰਬ ਅਮੀਰਾਤ (UAE) ਅਤੇ ਇਸਰਾਈਲ ਲਈ ਵੀ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਖੇਤਰ ਵਿੱਚ ਸੁਰੱਖਿਆ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਹਾਲਾਤ ਕਿਸੇ ਵੀ ਸਮੇਂ ਵਿਗੜ ਸਕਦੇ ਹਨ।

ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਤਣਾਅ ਵਧਣ ਕਾਰਨ ਹਵਾਈ ਖੇਤਰ ਅਚਾਨਕ ਬੰਦ ਹੋ ਸਕਦੇ ਹਨ, ਉਡਾਣਾਂ ਰੱਦ ਜਾਂ ਦੇਰੀ ਦਾ ਸ਼ਿਕਾਰ ਹੋ ਸਕਦੀਆਂ ਹਨ ਅਤੇ ਸਰਹੱਦਾਂ ਵੀ ਬਿਨਾਂ ਪਹਿਲਾਂ ਸੂਚਨਾ ਦੇ ਬੰਦ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਉਡਾਣ ਦੀ ਪੁਸ਼ਟੀ ਕਰਨ, ਯਾਤਰਾ ਬੀਮੇ ਦੀਆਂ ਸ਼ਰਤਾਂ ਧਿਆਨ ਨਾਲ ਪੜ੍ਹਨ ਅਤੇ ਤਾਜ਼ਾ ਸਰਕਾਰੀ ਯਾਤਰਾ ਸਲਾਹ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਚਿਤਾਵਨੀ ਦਾ ਅਸਰ ਹਜ਼ਾਰਾਂ ਆਸਟਰੇਲੀਆਈ ਯਾਤਰੀਆਂ ‘ਤੇ ਪੈ ਸਕਦਾ ਹੈ, ਖ਼ਾਸ ਕਰਕੇ ਉਨ੍ਹਾਂ ‘ਤੇ ਜੋ ਯੂਰਪ ਜਾਂ ਹੋਰ ਦੇਸ਼ਾਂ ਦੀ ਯਾਤਰਾ ਲਈ ਮੱਧ ਪੂਰਬ ਦੇ ਹਵਾਈ ਅੱਡਿਆਂ ਰਾਹੀਂ ਸਫ਼ਰ ਕਰਦੇ ਹਨ। ਯਾਤਰਾ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਯਾਤਰਾ ਯੋਜਨਾਵਾਂ ਸੋਚ-ਸਮਝ ਕੇ ਬਣਾਈਆਂ ਜਾਣ ਅਤੇ ਹਰ ਅਪਡੇਟ ‘ਤੇ ਨਜ਼ਰ ਰੱਖੀ ਜਾਵੇ।

LEAVE A REPLY

Please enter your comment!
Please enter your name here