· ਕਰੀਬ 6200 ਰਾਸ਼ਨ ਕਾਰਡ ਧਾਰਕਾਂ ਨੂੰ ਘਰਾਂ ਦੇ ਨੇੜੇ ਮਿਲੇਗੀ ਰਾਸ਼ਨ ਦੀ ਸਹੂਲਤ; ਪਾਰਦਰਸ਼ੀ ਪ੍ਰਕਿਰਿਆ ਰਾਹੀਂ ਨਵੇਂ ਡਿਪੂ ਹੋਲਡਰਾਂ ਦੀ ਚੋਣ
· ਪੰਜਾਬ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਨਾਲ ਨਹਿਰੀ ਪਾਣੀ, ਸੜਕਾਂ, ਸਿੱਖਿਆ, ਸਿਹਤ ਅਤੇ ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਦੀ ਸਹੂਲਤ ਮਿਲ ਰਹੀ: ਵਿਧਾਇਕ
ਮਾਲੇਰਕੋਟਲਾ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਤੱਕ ਜ਼ਰੂਰੀ ਖੁਰਾਕੀ ਵਸਤਾਂ ਦੀ ਪਹੁੰਚ ਸੁਖਾਲੀ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ 31 ਨਵੇਂ ਰਾਸ਼ਨ ਡਿਪੂ ਅਲਾਟ ਕੀਤੇ ਗਏ ਹਨ। ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਨਵੇਂ ਚੁਣ ਗਏ ਡਿਪੂ ਧਾਰਕਾਂ ਨੂੰ ਅਲਾਟਮੈਂਟ ਲੈਟਰ ਸੌਂਪੇ। ਇਸ ਮੌਕੇ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਮੁਨੀਸ,ਏ.ਐਫ.ਐਸ.ਓ ਚਰਨ ਪਾਲ ਸਿੰਘ, ਇੰਸਪੈਕਟਰ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਰਸਮਿੰਦਰ ਸਿੰਘ, ਇੰਸਪੈਕਟਰ ਗਗਨਦੀਪ ਸਿੰਘ, ਪੀ.ਏ. ਅਭੀਜੋਤ ਸਿੰਘ ਵੀ ਮੌਜੂਦ ਸਨ
ਵਿਧਾਇਕ ਨੇ ਕਿਹਾ ਕਿ ਨਵੇਂ ਰਾਸ਼ਨ ਡਿਪੂ ਖੋਲ੍ਹਣ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਰਾਸ਼ਨ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਇਸ ਨਾਲ ਹਲਕੇ ਦੇ ਕਰੀਬ 6200 ਰਾਸ਼ਨ ਕਾਰਡ ਧਾਰਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਰਾਸ਼ਨ ਲੈਣ ਲਈ ਦੂਰ-ਦੁਰਾਡੇ ਜਾਣ ਜਾਂ ਆਪਣਾ ਕੰਮ ਛੱਡਣ ਦੀ ਲੋੜ ਨਹੀਂ ਪਵੇਗੀ।
ਉਨ੍ਹਾਂ ਕਿਹਾ ਕਿ ਸਥਾਨਕ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਨਵੇਂ ਡਿਪੂਆਂ ਦੀ ਚੋਣ ਲਈ ਪਾਰਦਰਸ਼ੀ ਅਤੇ ਇੰਟਰਵਿਊ ਅਧਾਰਤ ਪ੍ਰਕਿਰਿਆ ਅਪਣਾਈ ਗਈ ਹੈ, ਜਿਸ ਰਾਹੀਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਉਚਿਤ ਪ੍ਰਤੀਨਿਧਤਾ ਦੇਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਸਾਬਕਾ ਸੈਨਿਕਾਂ, ਦਿਵਿਆਂਗ ਵਿਅਕਤੀਆਂ ਅਤੇ ਦੰਗਾ ਪੀੜਤ ਪਰਿਵਾਰਾਂ ਸਮੇਤ ਵੱਖ-ਵੱਖ ਵਰਗਾਂ ਲਈ ਨਿਰਧਾਰਤ ਨਿਯਮਾਂ ਅਨੁਸਾਰ ਮੌਕੇ ਯਕੀਨੀ ਬਣਾਏ ਗਏ ਹਨ।
ਨਵ-ਨਿਯੁਕਤ ਡਿਪੂ ਧਾਰਕਾਂ ਨੂੰ ਵਧਾਈ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਹਰ ਲਾਭਪਾਤਰੀ ਨਾਲ ਇਮਾਨਦਾਰੀ, ਨਿਰਪੱਖਤਾ ਅਤੇ ਹਮਦਰਦੀ ਨਾਲ ਪੇਸ਼ ਆਇਆ ਜਾਵੇ ਅਤੇ ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇ।
ਪੰਜਾਬ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾਉਣ, ਸੜਕਾਂ ਦੇ ਸੁਧਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਪਹਿਲੀ ਵਾਰ ਖੇਤੀਬਾੜੀ ਲਈ ਦਿਨ ਵੇਲੇ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਫੈਸਲਾ ਲੋਕ ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਰਾਸ਼ਨ ਡਿਪੂ ਲੋਕਾਂ ਨੂੰ ਸਹੂਲਤ ਦੇਣ ਦੇ ਨਾਲ-ਨਾਲ ਕਈ ਪਰਿਵਾਰਾਂ ਲਈ ਸਨਮਾਨਜਨਕ ਰੋਜ਼ਗਾਰ ਦਾ ਸਾਧਨ ਵੀ ਬਣਨਗੇ। ਉਨ੍ਹਾਂ ਕਿਹਾ ਕਿ ਸੇਵਾ, ਪਾਰਦਰਸ਼ਤਾ ਅਤੇ ਲੋਕਾਂ ਦੇ ਵਿਸ਼ਵਾਸ ਨਾਲ ਮਿਲ ਕੇ ‘ਰੰਗਲਾ ਪੰਜਾਬ’ਦੀ ਸਿਰਜਣਾ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ ਕਮਲਜੀਤ ਸਿੰਘ ਉੱਭੀ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ,ਟਰੱਕ ਯੂਨੀਅਨ ਪ੍ਰਧਾਨ ਅਹਿਮਦਗੜ੍ਹ ਮਨਿੰਦਰਪਾਲ ਸਿੰਘ,ਸਾਬਕਾ ਪ੍ਰਧਾਨ ਅਮਰਗੜ੍ਹ ਸਰਬਜੀਤ ਸਿੰਘ ਗੋਗੀ ,ਬਲਵੀਰ ਸਿੰਘ ,ਸਰਪੰਚ ਪਿੰਡ ਰਸੂਲਪੁਰ ਸੌਦਾਗਰ ਖਾਨ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।






