Tuesday, July 21, 2026
Home Punjab Ludhiana ਮਾਨ ਸਰਕਾਰ ਦੀ ਇੱਕ ਹੋਰ ਪਹਿਲਕਦਮੀ, ਗਿੱਦੜਵਿੰਡੀ ਵਿਖੇ 66 ਕੇ.ਵੀ. ਗਰਿੱਡ ਸਬ-ਸਟੇਸ਼ਨ...

ਮਾਨ ਸਰਕਾਰ ਦੀ ਇੱਕ ਹੋਰ ਪਹਿਲਕਦਮੀ, ਗਿੱਦੜਵਿੰਡੀ ਵਿਖੇ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਦਾ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ  ਕੀਤਾ ਉਦਘਾਟਨ

0
3

5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਪ੍ਰੋਜੈਕਟ ਨਾਲ 10 ਪਿੰਡਾਂ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਮਜ਼ਬੂਤ :– ਬਿਜਲੀ ਮੰਤਰੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸੂਬੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦੂਰਅੰਦੇਸ਼ੀ ਸੋਚ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੀ ਜਗਰਾਓਂ ਤਹਿਸੀਲ ਦੇ ਪਿੰਡ ਗਿੱਦੜਵਿੰਡੀ ਵਿਖੇ ਸੂਬੇ ਦੇ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਨਵੇਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਅਤੇ ਪਾਵਰਕਾਮ ਦੇ ਸੀ.ਐਮ.ਡੀ ਡਾ. ਬਸੰਤ ਗਰਗ ਵੀ ਮੌਜੂਦ ਸਨ।

ਇਸ ਮੌਕੇ ਬਿਜਲੀ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸੂਬਾ ਸਰਕਾਰ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਆਪਣੇ ਖਪਤਕਾਰਾਂ ਨੂੰ ਨਿਰਵਿਘਨ, ਭਰੋਸੇਯੋਗ ਅਤੇ ਬਿਹਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਗਿੱਦੜਵਿੰਡੀ, ਲੋਧੀਵਾਲ, ਤਿਹਾੜਾ, ਸ਼ੇਰੇਵਾਲ, ਸੋਧੀਵਾਲ, ਮਲਸੀਆਂ ਬਾਜਾਂ, ਕੱਨੀਆਂ, ਰਸੂਲਪੁਰ ਜਾਂਡੀ, ਤਰਫ਼ ਕੋਟਲੀ ਅਤੇ ਅਬੂਪੁਰਾ ਸਮੇਤ 10 ਪਿੰਡਾਂ ਦੇ ਹਜ਼ਾਰਾਂ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਦਾ ਲਾਭ ਮਿਲੇਗਾ।

ਇਸ ਸਬ-ਸਟੇਸ਼ਨ ਲਈ ਪਿੰਡ ਵਾਸੀਆਂ ਵੱਲੋਂ ਕੁੱਲ 1 ਏਕੜ 2 ਕਨਾਲ ਜ਼ਮੀਨ ਉਪਲਬਧ ਕਰਵਾਈ ਗਈ, ਜਿਸ ਵਿੱਚ ਗਿੱਦੜਵਿੰਡੀ ਪਿੰਡ ਵੱਲੋਂ 1 ਏਕੜ 1 ਕਨਾਲ ਅਤੇ ਲੋਧੀਵਾਲ ਪਿੰਡ ਵੱਲੋਂ 1 ਕਨਾਲ ਜ਼ਮੀਨ ਲੋਕ ਹਿੱਤ ਵਿੱਚ ਦਾਨ ਕੀਤੀ ਗਈ। ਬਿਜਲੀ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਵਾਸੀਆਂ ਦੇ ਇਸ ਯੋਗਦਾਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕ ਹਿੱਤ ਦੀ ਸ਼ਾਨਦਾਰ ਮਿਸਾਲ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ 6.30 ਕਿਲੋਮੀਟਰ ਲੰਬੀ 66 ਕੇ.ਵੀ. ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ, ਜਿਸ ਲਈ 29 ਟਾਵਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟਰਾਂਸਮਿਸ਼ਨ ਲਾਈਨ ਅਤੇ 66 ਕੇ.ਵੀ. ਲਾਈਨ ਬੇਅ ‘ਤੇ ਕੁੱਲ 2 ਕਰੋੜ 52 ਲੱਖ ਰੁਪਏ ਖਰਚ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਬ-ਸਟੇਸ਼ਨ, ਜਿਸ ਵਿੱਚ 12.5 ਐਮ.ਵੀ.ਏ. ਸਮਰੱਥਾ ਵਾਲਾ ਪਾਵਰ ਟਰਾਂਸਫਾਰਮਰ ਅਤੇ 7 ਆਉਟਗੋਇੰਗ 11 ਕੇ.ਵੀ. ਫੀਡਰ ਸ਼ਾਮਲ ਹਨ, ‘ਤੇ 1 ਕਰੋੜ 78 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਸਬ-ਸਟੇਸ਼ਨ ਇਮਾਰਤ ਸਮੇਤ ਸਿਵਲ ਕੰਮਾਂ ‘ਤੇ 1 ਕਰੋੜ 30 ਲੱਖ ਰੁਪਏ ਖਰਚ ਕੀਤੇ ਗਏ ਹਨ।

ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਨੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਮੇਰੇ ਹਲਕਾ ਦੇ ਪਿੰਡ ਗਿੱਦੜਪਿੰਡੀ ਵਿਖੇ 66 ਕੇ.ਵੀ ਗਰਿੱਡ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੇਰੇ ਹਲਕੇ ਦੇ ਜਿੰਨੇ ਵੀ ਕੰਮ ਸਨ ਉਹ ਸਾਰੇ ਮਨਜੂਰ ਕੀਤੇ ਹਨ। ਉਹਨਾਂ ਦੱਸਿਆ ਇਸਦੇ ਨਾਲ ਹੀ ਹਲਕਾ ਜਗਰਾਉਂ ਦੇ ਬੁਜਕਰ, ਕਾਉਂਕੇ ਅਤੇ ਭੰਮੀਪੁਰ ਦੇ ਗਰਿੱਡ ਵੀ ਜਲਦੀ ਸ਼ੁਰੂ ਹੋਣਗੇ। ਉਹਨਾਂ ਕਿਹਾ ਕਿ ਹਲਕਾ ਜਗਰਾਉਂ ਵਿੱਚ ਬਿਜਲੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ।

LEAVE A REPLY

Please enter your comment!
Please enter your name here