ਪ੍ਰੋ. ਸਰਬਜਿੰਦਰ ਸਿੰਘ ਜੀ, ਵੱਲੋਂ ਯੂਨੀਵਰਸਿਟੀ ਦੇ 100 ਲੋੜਵੰਦ ਵਿਦਿਆਰਥੀਆਂ ਦੀ ਫੀਸ ਦਾ ਖਰਚਾ ਚੁੱਕਣ ਦਾ ਐਲਾਨ
ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਦੇ ਸੁਯੋਗ ਯਤਨਾਂ ਸਦਕਾ ਯੂਨੀਵਰਸਿਟੀ ਦੇ ਨਵੇਂ ਕੈਂਪਸ (ਮਹਿੰਦਰਾ ਕੋਠੀ, ਨੇੜੇ ਫੁਹਾਰਾ ਚੌਂਕ, ਪਟਿਆਲਾ) ਦੀ ਰਸਮੀ ਸ਼ੁਰੂਆਤ ਕਰਦੇ ਹੋਏ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਹੋਇਆ ਅਰਦਾਸ ਤੋਂ ਬਾਅਦ ਪਹਿਲਾ ਅਕਾਦਮਿਕ ਸ਼ੈਸ਼ਨ ਸ਼ੁਰੂ ਕੀਤਾ ਗਿਆ। ਇਹ ਸਮਾਗਮ ਇਸ ਸਮੇਂ ਇਤਿਹਾਸਕ ਰੂਪ ਧਾਰਨ ਕਰ ਗਿਆ ਜਦੋਂ ਇਸ ਸਮਾਗਮ ਵਿੱਚ ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਅਮਰੀਕਾ ਦੇ ਪ੍ਰਸਿੱਧ ਕਾਨੂੰਨ ਸ਼ਾਸਤਰੀ ਅਤੇ ਸਮਾਜ ਸੇਵੀ ਸ. ਜਸਪ੍ਰੀਤ ਸਿੰਘ ਅਟਾਰਨੀ ਜੀ ਨੇ ਹਿੱਸਾ ਲਿਆ।
ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ: ਰਤਨ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਆਈਆ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਵਾਗਤ ਕਰਦਿਆਂ ਹੋਇਆਂ ਸੰਦੇਸ਼ ਪ੍ਰਦਾਨ ਕੀਤਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪੰਜਾਬ ਦੀ ਇੱਕੋ-ਇੱਕ ਯੂਨੀਵਰਸਿਟੀ ਹੈ ਜਿਸਨੇ ਸਮੁੱਚੇ ਪੰਜਾਬ ਨੂੰ ਕਵਰ ਕੀਤਾ ਹੋਇਆ ਹੈ। ਇਸ ਮੌਕੇ ਪ੍ਰੋ. ਕਰਮਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਜੋ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਫਾਊਂਡਰ ਵਾਈਸ ਚਾਂਸਲਰ ਸਨ, ਨੇ ਵੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਉਣ ਵਾਲਾ ਸਮਾਂ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦਾ ਹੈ ਕਿਉਂਕਿ ਜਿਵੇਂ ਇਹ ਯੂਨੀਵਰਸਿਟੀ ਆਨਲਾਈਨ ਪੱਧਰ ਤੇ ਕਾਰਜ ਕਰ ਰਹੀ ਹੈ ਉਸੇ ਤਰ੍ਹਾ ਅੱਜ ਦਾ ਸਮਾਜ ਵੀ ਆਨਲਾਈਨ ਸਿੱਖਿਆ ਨੂੰ ਹੀ ਤਰਜੀਹ ਦੇਹ ਰਿਹਾ ਹੈ।
ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾ. ਜਸਪ੍ਰੀਤ ਸਿੰਘ ਅਟਾਰਨੀ ਜੀ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਬਾਹਰ ਰਹਿ ਰਹੇ ਪੰਜਾਬੀ ਪੰਜਾਬ ਲਈ ਹਮੇਸ਼ਾ ਹੀ ਚਿੰਤਨਸ਼ੀਲ ਹਨ ਅਤੇ ਉਹ ਸੋਚਦੇ ਰਹਿੰਦੇ ਹਨ ਕਿ ਕਿਵੇਂ ਪੰਜਾਬ ਦੀ ਸੇਵਾ ਕੀਤੀ ਜਾ ਸਕੇ। ਯੂਨੀਵਰਸਿਟੀਆਂ ਸੇਵਾ ਕਰ ਰਹੀਆਂ ਹਨ, ਇੱਕ ਮਨੁੱਖ ਨੂੰ ਚੰਗਾ ਮਨੁੱਖ ਬਣਾਉਣ ਦੇ ਲਈ। ਇਸ ਲਈ ਸਾਨੂੰ ਖੁਸ਼ੀ ਹੋਵੇਗੀ ਕਿ ਅਸੀਂ ਇਹਨਾਂ ਯੂਨੀਵਰਸਿਟੀਆਂ ਨਾਲ ਜੁੜ ਕੇ ਪੰਜਾਬ ਦੀ ਨੌਜਵਾਨੀ ਦੀ ਸੇਵਾ ਕਰੀਏ। ਡਾ. ਜਗਦੀਪ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੰਦੇਸ਼ ਦਿੱਤਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਰਤਨ ਸਿੰਘ ਜੀ ਜਿਸ ਸ਼ਿੱਦਤ ਨਾਲ ਕਾਰਜ ਕਰ ਰਹੇ ਹਨ, ਇਹ ਕਾਰਜ ਬੇਮਿਸਾਲ ਹਨ।
ਪ੍ਰੋ: ਪੁਸ਼ਪਿੰਦਰ ਸਿੰਘ ਗਿੱਲ, ਵਾਈਸ ਚਾਂਸਲਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਸ ਯੂਨੀਵਰਸਿਟੀ, ਪਟਿਆਲਾ ਨੇ ਨਵੇਂ ਕੈਂਪਸ ਦੀ ਵਧਾਈ ਦਿੰਦਿਆ ਹੋਇਆ ਹਮੇਸ਼ਾ ਯੂਨੀਵਰਸਿਟੀ ਨਾਲ ਜੁੜੇ ਰਹਿਣ ਦੀ ਵਚਨਬੱਧਤਾ ਦਰਸਾਈ। ਪ੍ਰੋ. ਜੈਸ਼ੰਕਰ, ਵਾਈਸ ਚਾਂਸਲਰ, ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਸੰਬੋਧਨ ਦੌਰਾਨ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਯੂਨੀਵਰਸਿਟੀ ਨੇ ਆਪਣੇ ਇਸ ਸ਼ੈਸ਼ਨ ਵਿਚ ਲਾਅ ਨਾਲ ਸੰਬੰਧਿਤ ਕੋਰਸਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਜੋ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਲਈ ਲਾਹੇਵੰਦ ਸਾਬਿਤ ਹੋਵੇਗੀ।
ਪ੍ਰੋ. ਸਰਬਜਿੰਦਰ ਸਿੰਘ, ਵਾਈਸ ਚਾਂਸਲਰ, ਸੰਨੀ ਓਬਰਾਏ ਵਿਵੇਕ ਸਦਨ ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਆਨੰਦਪੁਰ ਸਾਹਿਬ ਜੀ ਨੇ ਆਪਣੇ ਨਿਵਕਲੇ ਅੰਦਾਜ ਵਿਚ ਯੂਨੀਵਰਸਿਟੀ ਨਾਲ ਡੱਟ ਕੇ ਖੜ੍ਹਣ ਦਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ 100 ਲੋੜਵੰਦ ਵਿਦਿਆਰਥੀਆਂ ਦੀ ਸੰਪੂਰਨ ਫੀਸ ਉਨ੍ਹਾਂ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਉੱਤੇ ਹਾਜ਼ਰੀਨ ਵਾਈਸ ਚਾਂਸਲਰ ਸਾਹਿਬਾਨ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ. ਵਿਦੇਸ਼ਾਂ ਤੋਂ ਆਏ ਹੋਏ ਵਿਸ਼ੇਸ਼ ਡੈਲੀਗੇਟਸ, ਯੂਨੀਵਰਸਿਟੀ ਦੇ ਅਧਿਕਾਰੀਆਂ ਵਿਚੋਂ ਡਾ. ਕੁਲਦੀਪ ਵਾਲੀਆ, (ਡਾਇਰੈਕਟਰ ਸੀਕਾ), ਡਾ. ਅਮਿਤੋਜ ਸਿੰਘ (ਐਸੋਸੀਏਟ ਡੀਨ ਅਕਾਦਮਿਕ ਮਾਮਲੇ), ਡਾ. ਨਵਲੀਨ ਮੁਲਤਾਨੀ, (ਐਸੋਸੀਏਟ ਡੀਨ ਰਿਸਰਚ), ਡਾ. ਸੁਲਕਸ਼ਨਾ, (ਐਸੋਸੀਏਟ ਡੀਨ ਵਿਦਿਆਰਥੀ ਭਲਾਈ) ਅਤੇ ਡਾ. ਸੁਖਦੇਵ ਸਿੰਘ, (ਲੋਕ ਸਪੰਰਕ ਅਫਸਰ) ਹਾਜ਼ਰ ਸਨ।







