ਅਮਰਗੜ੍ਹ/ਅਹਿਮਦਗੜ੍ਹ/ਮਾਲੇਰਕੋਟਲਾ, 8 ਜੁਲਾਈ:
ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਪਿੰਡਾਂ ਨੂੰ ਜਿੰਮਾਂ ਦੀ ਸੌਗਾਤ ਦੇ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਦਿੱਤਾ ਸੰਦੇਸ਼
ਸਿਹਤਮੰਦ ਨੌਜਵਾਨੀ ਹੀ ਰੰਗਲੇ ਪੰਜਾਬ ਦੀ ਨੀਂਹ, ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨ – ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਅਤੇ ਖੇਡਾਂ ਨਾਲ ਜੁੜਿਆ ਸਮਾਜ ਸਿਰਜਣ ਦੇ ਉਦੇਸ਼ ਨਾਲ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪਿੰਡਾਂ ਵਿੱਚ ਜਿੰਮਾਂ ਦੀ ਸਥਾਪਨਾ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਉਨ੍ਹਾਂ ਨੇ ਪਿੰਡ ਕੰਗਣਵਾਲ, ਕੁੱਪ ਕਲਾਂ ਅਤੇ ਲਸੋਈ ਵਿਖੇ ਨਵੇਂ ਬਣੇ ਜਿੰਮਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ।
ਇਸ ਮੌਕੇ ਕਰਵਾਈ ਗਈ ਲੋਕ ਮਿਲਣੀ ਦੌਰਾਨ ਪ੍ਰੋ. ਗੱਜਣਮਾਜਰਾ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਅਤੇ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਵਧੀਆ ਖੇਡ ਸਹੂਲਤਾਂ ਅਤੇ ਸਿਹਤਮੰਦ ਮਾਹੌਲ ਮਿਲੇ ਤਾਂ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਆਪਣੇ ਆਪ ਦੂਰ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਜਿੰਮ ਅਤੇ ਖੇਡ ਮੈਦਾਨ ਸਿਰਫ਼ ਸਰੀਰਕ ਤੰਦਰੁਸਤੀ ਦੇ ਕੇਂਦਰ ਨਹੀਂ, ਸਗੋਂ ਨੌਜਵਾਨਾਂ ਦੇ ਹੁਨਰ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵਾਲੇ ਮੰਚ ਵੀ ਹਨ।
ਸਮਾਗਮ ਦੌਰਾਨ ਵਿਧਾਇਕ ਦੇ ਨਿੱਜੀ ਸਕੱਤਰ ਅਭੀਜੋਤ ਨਾਗਰਾ, ਸਕੱਤਰ ਹਰਪ੍ਰੀਤ ਸਿੰਘ, ਸਰਪੰਚ ਸਵਰਨ ਕੌਰ, ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ, ਮਾਸਟਰ ਹਰਭਜਨ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਬੀਰ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਆਗੂ, ਪੰਚਾਇਤ ਨੁਮਾਇੰਦੇ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਪਿੰਡਾਂ ਦੀਆਂ ਪੰਚਾਇਤਾਂ ਅਤੇ ਨੌਜਵਾਨਾਂ ਨੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪਿੰਡਾਂ ਵਿੱਚ ਜਿੰਮਾਂ ਅਤੇ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।







