ਰਾਇਪੁਰ, 6 ਜੁਲਾਈ 2026: ਭਾਰਤ ਦੀ ਪ੍ਰਸਿੱਧ ਪਾਂਡਵਾਨੀ ਲੋਕ ਗਾਇਕਾ ਅਤੇ ਪਦਮ ਵਿਭੂਸ਼ਣ ਸਨਮਾਨਿਤ ਤੀਜਨ ਬਾਈ ਦਾ 70 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਨ੍ਹਾਂ ਨੇ ਐਤਵਾਰ ਤੜਕੇ ਰਾਇਪੁਰ ਸਥਿਤ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਵਿੱਚ ਆਖਰੀ ਸਾਹ ਲਿਆ, ਜਿੱਥੇ ਉਹ ਪਿਛਲੇ ਕਈ ਹਫ਼ਤਿਆਂ ਤੋਂ ਇਲਾਜ ਅਧੀਨ ਸਨ। ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਦੇ ਕਲਾ ਅਤੇ ਸੱਭਿਆਚਾਰ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।
ਤੀਜਨ ਬਾਈ ਨੇ ਛੱਤੀਸਗੜ੍ਹ ਦੀ ਰਵਾਇਤੀ ਲੋਕ ਕਲਾ ਪਾਂਡਵਾਨੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਲੱਖਣ ਪਛਾਣ ਦਿਵਾਈ। ਮਹਾਂਭਾਰਤ ਦੀਆਂ ਕਹਾਣੀਆਂ ਨੂੰ ਆਪਣੀ ਪ੍ਰਭਾਵਸ਼ਾਲੀ ਆਵਾਜ਼, ਅਦਾਕਾਰੀ ਅਤੇ ਸੰਗੀਤ ਰਾਹੀਂ ਪੇਸ਼ ਕਰਨ ਦੀ ਉਨ੍ਹਾਂ ਦੀ ਵਿਲੱਖਣ ਸ਼ੈਲੀ ਨੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਬਣਾਇਆ। ਉਨ੍ਹਾਂ ਨੂੰ ਪਾਂਡਵਾਨੀ ਕਲਾ ਦੀ ਸਭ ਤੋਂ ਵੱਡੀ ਪ੍ਰਤੀਨਿਧੀ ਮੰਨਿਆ ਜਾਂਦਾ ਸੀ।
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਇੱਕ ਸਧਾਰਨ ਪਰਿਵਾਰ ਵਿੱਚ ਜਨਮੀ ਤੀਜਨ ਬਾਈ ਨੇ ਬਹੁਤ ਛੋਟੀ ਉਮਰ ਵਿੱਚ ਹੀ ਪਾਂਡਵਾਨੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਮਾਜਿਕ ਰੁਕਾਵਟਾਂ ਅਤੇ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਕਲਾ ਦੇ ਬਲ ‘ਤੇ ਨਾ ਸਿਰਫ਼ ਦੇਸ਼ ਵਿੱਚ, ਸਗੋਂ ਵਿਦੇਸ਼ਾਂ ਵਿੱਚ ਵੀ ਭਾਰਤੀ ਲੋਕ ਕਲਾ ਦਾ ਮਾਣ ਵਧਾਇਆ। ਉਨ੍ਹਾਂ ਦੇ ਜੀਵਨ ਅਤੇ ਸੰਘਰਸ਼ ਨੇ ਅਣਗਿਣਤ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ।
ਤੀਜਨ ਬਾਈ ਨੂੰ ਉਨ੍ਹਾਂ ਦੀਆਂ ਅਸਾਧਾਰਣ ਸੇਵਾਵਾਂ ਲਈ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਦੀ ਕਲਾ ਨੇ ਪਾਂਡਵਾਨੀ ਨੂੰ ਪਿੰਡਾਂ ਦੀ ਪਰੰਪਰਾ ਤੋਂ ਕੱਢ ਕੇ ਵਿਸ਼ਵ ਮੰਚ ਤੱਕ ਪਹੁੰਚਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਸ਼ਟਰੀ ਆਗੂਆਂ, ਕਲਾਕਾਰਾਂ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਤੀਜਨ ਬਾਈ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦਿਹਾਂਤ ਨੂੰ ਭਾਰਤੀ ਕਲਾ ਅਤੇ ਸੱਭਿਆਚਾਰ ਜਗਤ ਲਈ “ਕਦੇ ਨਾ ਪੂਰਾ ਹੋਣ ਵਾਲਾ ਘਾਟਾ” ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਅਤੇ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।







