Home Punjab ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ: ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਦੋ ਭਰਾ...

ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ: ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਦੋ ਭਰਾ ਗ੍ਰਿਫ਼ਤਾਰ, 10 ਚੋਰੀ ਦੇ ਮੋਟਰਸਾਈਕਲ ਬਰਾਮਦ

0
56

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚੋਰੀ ਦੀਆਂ ਵੱਧਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਾਹਨ ਚੋਰਾਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ, ਆਈ.ਪੀ.ਐਸ. ਦੇ ਨਿਰਦੇਸ਼ਾਂ ਅਧੀਨ ਅਮਲ ਵਿੱਚ ਲਿਆਂਦੀ ਗਈ ਹੈ।

ਇਸ ਮੁਹਿੰਮ ਦੌਰਾਨ, ਪੁਲਿਸ ਟੀਮ ਵੱਲੋਂ ਹਾਜੀਪੁਰ ਟੀ-ਪੁਆਇੰਟ ‘ਤੇ ਸ਼ਿਫਟਿੰਗ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਇੱਕ ਮੁਖਬਰ ਰਾਹੀਂ ਸੂਚਨਾ ਮਿਲੀ ਕਿ ਮਾਸੂਮ ਅਲੀ ਉਰਫ਼ ਅੰਮੂ, ਨਿਵਾਸੀ ਸੰਧਵਾਲ, ਵੱਖ-ਵੱਖ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਅਤੇ ਅੱਜ ਸੰਧਵਾਲ ਵੱਲੋਂ ਪਾਵਰ ਕਲੋਨੀ ਹਾਜੀਪੁਰ ਦੀ ਤਰਫ਼ ਆ ਰਿਹਾ ਹੈ।

ਮੁਖਬਰ ਦੀ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਸਲੈਂਡਰ ਪਾਵਰ ਹਾਊਸ ਮੋੜ ‘ਤੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਸਮੇਤ ਦੋਸ਼ੀ ਮਾਸੂਮ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਦੋਸ਼ੀ ਦੇ ਖ਼ਿਲਾਫ਼ ਬੀ.ਐਨ.ਐਸ. ਦੇ ਤਹਿਤ ਥਾਣਾ ਹਾਜੀਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਭਰਾ ਸ਼ਰੀਫ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰਦਾ ਅਤੇ ਹਾਜੀਪੁਰ ਇਲਾਕੇ ਵਿੱਚ ਵੇਚਦਾ ਸੀ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਲਗਭਗ 10 ਬਿਨਾਂ ਨੰਬਰ ਵਾਲੇ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।

ਪੁਲਿਸ ਅਨੁਸਾਰ ਮੁਲਜ਼ਮ ਨੂੰ ਰਿਮਾਂਡ ‘ਤੇ ਲੈ ਕੇ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ। ਅਗਲੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਦੇ ਭਰਾ ਸ਼ਰੀਫ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here