ਚੰਡੀਗੜ੍ਹ: ਚੰਡੀਗੜ੍ਹ ਦੇ ਕਈ ਨਾਮੀ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ।
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਬੁੱਧਵਾਰ ਨੂੰ ਚੰਡੀਗੜ੍ਹ ਦੇ ਸਕੂਲ ਮੁੜ ਖੁੱਲ੍ਹੇ ਸਨ। ਇਸੇ ਦੌਰਾਨ ਸੈਕਟਰ-31 ਸਥਿਤ ਫਸਟ ਏਅਰ ਫੋਰਸ ਸਕੂਲ ਨੂੰ ਸਭ ਤੋਂ ਪਹਿਲਾਂ ਧਮਕੀ ਭਰਿਆ ਈਮੇਲ ਮਿਲਿਆ। ਇਸ ਤੋਂ ਬਾਅਦ ਸੈਕਟਰ-37ਬੀ ਅਤੇ 37ਡੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-38 ਦੇ ਵਿਵੇਕ ਹਾਈ ਸਕੂਲ, ਸੈਕਟਰ-26 ਦੇ ਸੈਕਰਡ ਹਾਰਟ ਸਕੂਲ ਅਤੇ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ-40 ਦੇ ਡੀਪੀਐਸ ਸਕੂਲ ਅਤੇ ਸੈਕਟਰ-9 ਦੇ ਕਾਰਮਲ ਕਾਨਵੈਂਟ ਸਕੂਲ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਧਮਕੀ ਮਿਲਣ ਤੋਂ ਬਾਅਦ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪ੍ਰਭਾਵਿਤ ਸਕੂਲਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸਕੂਲ ਪ੍ਰਬੰਧਨਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਲੋੜੀਂਦੇ ਸਾਰੇ ਕਦਮ ਚੁੱਕਣ ਲਈ ਕਿਹਾ ਗਿਆ ਹੈ, ਜਦਕਿ ਈਮੇਲ ਭੇਜਣ ਵਾਲੇ ਦੀ ਪਛਾਣ ਲਈ ਸਾਈਬਰ ਟੀਮ ਜਾਂਚ ਵਿੱਚ ਜੁਟੀ ਹੋਈ ਹੈ।
ਫਿਲਹਾਲ ਕਿਸੇ ਵੀ ਸਕੂਲ ਜਾਂ ਸਰਕਾਰੀ ਦਫ਼ਤਰ ਵਿੱਚ ਕੋਈ ਸ਼ੱਕੀ ਵਸਤੂ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ।









