Tuesday, August 18, 2026
Home Punjab ਸੰਗਰੂਰ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਤੋਹਫ਼ੇ, 64 ਕਰੋੜ...

ਸੰਗਰੂਰ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਤੋਹਫ਼ੇ, 64 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ

0
15

ਸੰਗਰੂਰ: ਭਗਵੰਤ ਮਾਨ ਅੱਜ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਵਿਸ਼ੇਸ਼ ਦੌਰੇ ‘ਤੇ ਹਨ। ਇਸ ਦੌਰਾਨ ਉਹ ਜ਼ਿਲ੍ਹੇ ਨੂੰ 64 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। ਮੁੱਖ ਮੰਤਰੀ ਵੱਲੋਂ ਖੇਡਾਂ, ਬੁਨਿਆਦੀ ਢਾਂਚੇ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸਬੰਧੀ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਮੁੱਖ ਮੰਤਰੀ ਆਪਣੇ ਦੌਰੇ ਦੀ ਸ਼ੁਰੂਆਤ ਸੰਗਰੂਰ ਦੇ ਬਨਾਸਰ ਬਾਗ ਵਿਖੇ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਸਵਿਮਿੰਗ ਪੂਲ ਦੇ ਉਦਘਾਟਨ ਨਾਲ ਕਰਨਗੇ। ਇਸ ਤੋਂ ਬਾਅਦ ਉਹ ਧੁਰੀ ਵਿੱਚ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਧੂਰੀ ਇਲਾਕੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਇਸੇ ਦੌਰੇ ਦੌਰਾਨ ਮੁੱਖ ਮੰਤਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਡੌਕੂਮੈਂਟਰੀ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਵੈਨਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਗੁਰੂ ਸਾਹਿਬ ਦੀ ਬਾਣੀ, ਜੀਵਨ ਅਤੇ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੀਆਂ।

ਸ਼ਾਮ 6 ਵਜੇ ਮੁੱਖ ਮੰਤਰੀ ਮਹਿਲ ਕਲਾਂ ਵਿੱਚ ਆਯੋਜਿਤ ‘ਲੋਕ ਮਿਲਣੀ’ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਆਮ ਲੋਕਾਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨਗੇ।

LEAVE A REPLY

Please enter your comment!
Please enter your name here