Tuesday, August 18, 2026
Home Punjab ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, 1 ਜੁਲਾਈ ਤੋਂ ਮੌਸਮ ਲਵੇਗਾ ਕਰਵਟ

ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ, 1 ਜੁਲਾਈ ਤੋਂ ਮੌਸਮ ਲਵੇਗਾ ਕਰਵਟ

0
20

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਅਤੇ ਨਮੀ ਦਾ ਅਸਰ ਲਗਾਤਾਰ ਬਣਿਆ ਹੋਇਆ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲੀਆਂ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਕੋਈ ਖਾਸ ਰਾਹਤ ਨਹੀਂ ਮਿਲੀ। ਦਿਨ ਦੇ ਸਮੇਂ ਕਈ ਇਲਾਕਿਆਂ ਵਿੱਚ ਹੀਟਵੇਵ ਵਰਗੇ ਹਾਲਾਤ ਬਣੇ ਰਹੇ, ਜਦਕਿ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਗਰਮ ਰਾਤਾਂ ਕਾਰਨ ਲੋਕਾਂ ਨੂੰ ਨਮੀ ਅਤੇ ਉਮਸ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ, ਜਿੱਥੇ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।

ਟ੍ਰਾਈਸਿਟੀ ਵਿੱਚ ਵੀ ਗਰਮੀ ਅਤੇ ਨਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.3 ਡਿਗਰੀ ਵੱਧ ਰਿਹਾ। ਘੱਟੋ-ਘੱਟ ਤਾਪਮਾਨ 30.3 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 3.7 ਡਿਗਰੀ ਵੱਧ ਸੀ। ਇਸ ਕਾਰਨ ਰਾਤ ਦੇ ਸਮੇਂ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ।

ਮੌਸਮ ਵਿਭਾਗ ਅਨੁਸਾਰ 30 ਜੂਨ ਤੋਂ 4 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ। ਇਸ ਦੌਰਾਨ ਗਰਜ-ਚਮਕ ਨਾਲ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ 1 ਜੁਲਾਈ ਤੋਂ ਬਾਅਦ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ ਘਟ ਕੇ 40 ਡਿਗਰੀ ਤੋਂ ਲਗਭਗ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਹੈ ਕਿ 30 ਜੂਨ ਨੂੰ ਗਰਮੀ ਅਤੇ ਨਮੀ ਤੋਂ ਤੁਰੰਤ ਰਾਹਤ ਦੀ ਸੰਭਾਵਨਾ ਘੱਟ ਹੈ। ਮਹੀਨੇ ਦੇ ਆਖਰੀ ਦਿਨ ਮੌਸਮ ਜ਼ਿਆਦਾਤਰ ਸਾਫ਼ ਜਾਂ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗਾ ਅਤੇ ਕੁਝ ਥਾਵਾਂ ‘ਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਇਸ ਦਿਨ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।

ਜੁਲਾਈ ਦੀ ਸ਼ੁਰੂਆਤ ਨਾਲ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਨੇ 1 ਜੁਲਾਈ ਲਈ ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ 2, 3 ਅਤੇ 4 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਗਰਜ-ਤੂਫ਼ਾਨ, ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

LEAVE A REPLY

Please enter your comment!
Please enter your name here