Home Punjab ਧੁੰਦ ਕਾਰਨ ਬਰਨਾਲਾ-ਬਾਜਾਖਾਨਾ ਰੋਡ ’ਤੇ ਭਿਆਨਕ ਸੜਕ ਹਾਦਸਾ, ਪ੍ਰਾਈਵੇਟ ਬੱਸ ਦੀ ਟੱਕਰ...

ਧੁੰਦ ਕਾਰਨ ਬਰਨਾਲਾ-ਬਾਜਾਖਾਨਾ ਰੋਡ ’ਤੇ ਭਿਆਨਕ ਸੜਕ ਹਾਦਸਾ, ਪ੍ਰਾਈਵੇਟ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

0
60

ਬਰਨਾਲਾ: ਧੁੰਦ ਕਾਰਨ ਬਰਨਾਲਾ-ਬਾਜਾਖਾਨਾ ਰੋਡ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਸੜਕ ’ਤੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ।

ਮ੍ਰਿਤਕ ਦੀ ਪਹਿਚਾਣ 31 ਸਾਲਾ ਪ੍ਰਵਾਸੀ ਮਜ਼ਦੂਰ ਕਪਿਲ ਯਾਦਵ ਪੁੱਤਰ ਦੇਵ ਨਾਰਾਇਣ ਯਾਦਵ, ਵਾਸੀ ਕੋਸਕਪੁਰ, ਜ਼ਿਲ੍ਹਾ ਅਰਰੀਆ (ਬਿਹਾਰ) ਵਜੋਂ ਹੋਈ ਹੈ। ਹਾਦਸੇ ਵਿੱਚ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਦੀ ਲੱਤ ਟੁੱਟ ਗਈ ਹੈ ਅਤੇ ਉਸ ਦਾ ਇਲਾਜ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਮੌਕੇ ’ਤੇ ਮੌਜੂਦ ਲੋਕਾਂ, ਜਿਨ੍ਹਾਂ ਵਿੱਚ ਮ੍ਰਿਤਕ ਦਾ ਭਤੀਜਾ ਸੌਰਵ ਯਾਦਵ ਵੀ ਸ਼ਾਮਲ ਸੀ, ਨੇ ਦੱਸਿਆ ਕਿ ਅੱਜ ਸਵੇਰੇ ਧੁੰਦ ਦੇ ਚਲਦੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਦੱਸਣਯੋਗ ਹੈ ਕਿ ਕਪਿਲ ਯਾਦਵ ਕਈ ਸਾਲਾਂ ਤੋਂ ਪੰਜਾਬ ਵਿੱਚ ਮਜ਼ਦੂਰੀ ਕਰ ਰਿਹਾ ਸੀ ਅਤੇ ਆਪਣੇ ਤਿੰਨ ਛੋਟੇ ਬੱਚਿਆਂ ਅਤੇ ਮਾਪਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਪੁੱਤਰ (ਉਮਰ 3 ਅਤੇ 6 ਸਾਲ), ਇੱਕ 8 ਸਾਲ ਦੀ ਧੀ ਅਤੇ ਸੋਗ ਮਨਾਉਂਦੇ ਮਾਪੇ ਛੱਡ ਗਿਆ ਹੈ।

ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਦੋਸ਼ੀ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਬਰਨਾਲਾ ਥਾਣਾ ਇੰਚਾਰਜ ਨੇ ਦੱਸਿਆ ਕਿ ਬੱਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਜਾਰੀ ਹੈ। ਫਰਾਰ ਬੱਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here