Home Patiala Updates ਖਾਲਸਾ ਕਾਲਜ ‘ਚ ‘ਇਊਨੋਇਆ’ (EUNOIA) ਦੇ ਦੂਜੇ ਪੜਾਅ ਦਾ ਸਫਲਤਾਪੂਰਵਕ ਆਯੋਜਨ ਕੀਤਾ...

ਖਾਲਸਾ ਕਾਲਜ ‘ਚ ‘ਇਊਨੋਇਆ’ (EUNOIA) ਦੇ ਦੂਜੇ ਪੜਾਅ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ

0
88

ਪਟਿਆਲਾ : ਖਾਲਸਾ ਕਾਲਜ (ਆਟੋਨੋਮਸ), ਪਟਿਆਲਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾ ਵਿਭਾਗ ਵੱਲੋਂ ਸੋਫੀਆ ਗਰਲਜ਼ ਕਾਲਜ (ਆਟੋਨੋਮਸ), ਅਜਮੇਰ (ਰਾਜਸਥਾਨ) ਨਾਲ ਹੋਏ ਸਮਝੌਤੇ (MOU) ਤਹਿਤ ਰਾਸ਼ਟਰੀ ਵਿਦਿਆਰਥੀ ਸੈਮੀਨਾਰ ‘ਇਊਨੋਇਆ’ (EUNOIA) ਦੇ ਦੂਜੇ ਪੜਾਅ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਐਮ.ਏ. ਅਤੇ ਬੀ.ਏ. ਆਨਰਜ਼ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।

ਇਸ ਅਕਾਦਮਿਕ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਨਾਮਵਰ ਸੰਸਥਾਵਾਂ ਜਿਵੇਂ ਕਿ ਪਟਨਾ ਵੂਮੈਨਜ਼ ਕਾਲਜ (ਬਿਹਾਰ), ਕ੍ਰਿਸਟੂ ਜਯੰਤੀ ਕਾਲਜ (ਬੈਂਗਲੁਰੂ), ਸੇਂਟ ਜ਼ੇਵੀਅਰ ਕਾਲਜ (ਜੈਪੁਰ) ਅਤੇ ਭੋਪਾਲ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਆਨਲਾਈਨ ਸ਼ਿਰਕਤ ਕੀਤੀ। ਸੈਮੀਨਾਰ ਦੇ ਇਸ ਸੈਸ਼ਨ ਵਿੱਚ ਐਮ.ਏ. ਅੰਗਰੇਜ਼ੀ (ਭਾਗ ਦੂਜਾ) ਦੇ ਵਿਦਿਆਰਥੀ ਸਰੂਰ ਸਰਾਓ ਨੇ “ਮੈਮੋਰੀ ਐਂਡ ਗ੍ਰਾਫਿਕ ਨੈਰੇਟਿਵ” (ਯਾਦਾਂ ਅਤੇ ਚਿੱਤਰਮਈ ਬਿਰਤਾਂਤ) ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਗ੍ਰਾਫਿਕ ਨੈਰੇਟਿਵ ਮਨੁੱਖੀ ਸਭਿਅਤਾ ਜਿੰਨਾ ਹੀ ਪੁਰਾਣਾ ਹੈ, ਪਰ ਅਕਸਰ ਇਸਨੂੰ ਸਿਰਫ਼ ਬੱਚਿਆਂ ਦੇ ਪੜ੍ਹਨ ਵਾਲੀ ਸਮੱਗਰੀ ਸਮਝ ਕੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ।
20ਵੀਂ ਸਦੀ ਦੀਆਂ ਵੱਡੀਆਂ ਘਟਨਾਵਾਂ ਜਿਵੇਂ ਵਿਸ਼ਵ ਯੁੱਧ, ਸਿਵਲ ਰਾਈਟਸ ਅੰਦੋਲਨ ਅਤੇ ਸੀਤ ਯੁੱਧ ਨੇ ਇਸ ਵਿਧਾ ਨੂੰ ਨਵਾਂ ਮੋੜ ਦਿੱਤਾ। ਇਹ ਮਾਧਿਅਮ ਅੱਜ ਕਹਾਣੀ ਸੁਣਾਉਣ ਦੇ ਨਾਲ-ਨਾਲ ਦੁਨੀਆ ਭਰ ਵਿੱਚ ਇਨਕਲਾਬੀ ਲਹਿਰਾਂ ਲਈ ਇੱਕ ਸਮਾਜਿਕ ਸ਼ਕਤੀ ਵਜੋਂ ਉੱਭਰਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਅਤੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਵਿਭਾਗ ਨੂੰ ਇਸ ਸਮਕਾਲੀ ਅਤੇ ਮਹੱਤਵਪੂਰਨ ਵਿਸ਼ੇ ‘ਤੇ ਲੈਕਚਰ ਕਰਵਾਉਣ ਲਈ ਵਧਾਈ ਦਿੱਤੀ। ਵਿਭਾਗ ਦੇ ਮੁਖੀ ਡਾ. ਜਸਪ੍ਰੀਤ ਕੌਰ ਨੇ ਸਰੂਰ ਸਰਾਓ ਵੱਲੋਂ ਦਿੱਤੇ ਗਏ ਪ੍ਰਭਾਵਸ਼ਾਲੀ ਲੈਕਚਰ ਦੀ ਸ਼ਲਾਘਾ ਕੀਤੀ ਅਤੇ ਸਹਿਯੋਗ ਦੇਣ ਵਾਲੇ ਸਾਰੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।

ਇਸ ਪ੍ਰੋਗਰਾਮ ਦਾ ਸੰਚਾਲਨ ਅਧਿਆਪਕ ਕੋਆਰਡੀਨੇਟਰ ਪ੍ਰੋ. ਹਰਨੀਤ ਕੌਰ ਅਤੇ ਵਿਦਿਆਰਥੀ ਕੋਆਰਡੀਨੇਟਰ ਯਸ਼ਮੀਤ ਕੌਰ ਦੀ ਦੇਖ-ਰੇਖ ਹੇਠ ਹੋਇਆ। ਸਮਾਗਮ ਦੇ ਅੰਤ ਵਿੱਚ ਇੱਕ ਵਿਚਾਰ-ਵਟਾਂਦਰਾ ਸੈਸ਼ਨ ਵੀ ਰੱਖਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸਵਾਲ-ਜਵਾਬ ਕੀਤੇ।

LEAVE A REPLY

Please enter your comment!
Please enter your name here