-ਅਹੁਦਾ ਸੰਭਾਲਦਿਆਂ ਹੀ ਨਿਗਮ ਅਧਿਕਾਰੀਆਂ ਨਾਲ ਬੈਠਕ ਕਰਕੇ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਦੀ ਹਦਾਇਤ
ਪਟਿਆਲਾ: 2012 ਬੈਚ ਦੇ ਸੀਨੀਅਰ ਪੀਸੀਐਸ ਅਧਿਕਾਰੀ ਪੂਜਾ ਸਿਆਲ ਗਰੇਵਾਲ ਨੇ ਅੱਜ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਆਪਣਾ ਅਹੁਦਾ ਸੰਭਾਲਦਿਆਂ ਹੀ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਤੇ ਸੰਯੁਕਤ ਕਮਿਸ਼ਨਰ ਮਨਰੀਤ ਰਾਣਾ ਸਮੇਤ ਨਗਰ ਨਿਗਮ ਦੀਆਂ ਸਾਰੀਆਂ ਬ੍ਰਾਂਚਾਂ ਦੇ ਮੁਖੀਆਂ ਨਾਲ ਅਹਿਮ ਬੈਠਕ ਕਰਕੇ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਉਨ੍ਹਾਂ ਲਈ ਨਵਾਂ ਨਹੀਂ ਹੈ, ਕਿਉਂਕਿ ਉਹ ਪਟਿਆਲਾ ਵਿਖੇ ਪਹਿਲਾਂ ਐਸਡੀਐਮ ਤੇ ਏ.ਡੀ.ਸੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਸ਼ਹਿਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ, ਅਹਿਮ ਪ੍ਰਾਜੈਕਟਾਂ ਨੂੰ ਨੇਪਰੇ ਚੜ੍ਹਾਉਣ, ਸੀਵਰੇਜ ਦੀ ਡੀਸਿਲਟਿੰਗ, ਸਟਰੀਟ ਲਾਈਟਾਂ, ਕੂੜਾ ਪ੍ਰਬੰਧਨ, ਲੈਗੇਸੀ ਵੇਸਟ ਦਾ ਨਿਪਟਾਰਾ ਤੇ ਸਾਫ਼-ਸਫ਼ਾਈ ਪੱਖੋਂ ਸ਼ਹਿਰ ਨੂੰ ਮਾਡਲ ਬਣਾਉਣ ਸਮੇਤ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਅਤੇ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਵੀ ਯਕੀਨੀ ਬਣਾਇਆ ਜਾਵੇਗਾ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਦੇ ਸਹਿਯੋਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਪਟਿਆਲਾ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਅਤੇ ਲੰਬਿਤ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨੇ ਵੀ ਯਕੀਨੀ ਬਣਾਏ ਜਾਣਗੇ। ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਮੌਕੇ ਨਗਰ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਵੇਂ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ।
ਜਿਕਰਯੋਗ ਹੈ ਕਿ ਪੂਜਾ ਸਿਆਲ ਗਰੇਵਾਲ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਡੇਰਾਬਸੀ ਦੇ ਐਸਡੀਐਮ, ਈਓ ਗਮਾਡਾ, ਆਰਟੀਏ ਮੋਹਾਲੀ, ਏਡੀਸੀ ਸ਼ਹਿਰੀ ਵਿਕਾਸ ਮੋਹਾਲੀ, ਪਟਿਆਲਾ, ਰੋਪੜ ਤੇ ਫ਼ਤਹਿਗੜ੍ਹ ਸਾਹਿਬ ਦੇ ਏਡੀਸੀ ਦੇ ਉਚ ਅਹੁਦਿਆਂ ਉਤੇ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਕੀ ਕਾਰਜਾਂ ਦਾ ਚੋਖਾ ਤਜੁਰਬਾ ਪ੍ਰਾਪਤ ਹੈ। ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਤੁਰੰਤ ਅਤੇ ਸਖ਼ਤ ਫੈਸਲੇ ਲੈਣ ਜਾਣੇ ਵੀ ਜਾਂਦੇ ਹਨ।









