ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਇਲਾਕਿਆਂ ਲਈ ਮੀਂਹ, ਗੜੇਮਾਰੀ ਅਤੇ ਗਰਜ-ਤੂਫ਼ਾਨ ਨੂੰ ਲੈ ਕੇ ਸੰਤਰੀ ਚੇਤਾਵਨੀ (Orange Alert) ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਕਈ ਥਾਵਾਂ ‘ਤੇ ਹਵਾਵਾਂ ਦੀ ਰਫ਼ਤਾਰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਬਾਰਿਸ਼, ਗੜੇਮਾਰੀ ਅਤੇ ਗਰਜ-ਤੂਫ਼ਾਨ ਕਾਰਨ ਤਾਪਮਾਨ ਵਿੱਚ 3.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਇਸ ਵੇਲੇ ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.1 ਡਿਗਰੀ ਘੱਟ ਚੱਲ ਰਿਹਾ ਹੈ। ਹਾਲਾਂਕਿ, ਅਬੋਹਰ ਵਿੱਚ ਸਭ ਤੋਂ ਵੱਧ 42 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਦਲਿਆ ਹੋਇਆ ਮੌਸਮ 17 ਜੂਨ ਤੱਕ ਜਾਰੀ ਰਹਿ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ।
ਗੜੇਮਾਰੀ ਦਾ ਖ਼ਤਰਾ ਇਨ੍ਹਾਂ ਜ਼ਿਲ੍ਹਿਆਂ ਵਿੱਚ
ਚੰਡੀਗੜ੍ਹ ਮੌਸਮ ਕੇਂਦਰ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ ਅਤੇ ਮਾਨਸਾ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।
ਸੰਗਰੂਰ ‘ਚ 111 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਿਆ ਤੂਫ਼ਾਨ
ਵੀਰਵਾਰ ਰਾਤ 8 ਤੋਂ 9 ਵਜੇ ਦੇ ਵਿਚਕਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਆੰਧੀ ਨੇ ਜ਼ੋਰ ਦਿਖਾਇਆ। ਸਭ ਤੋਂ ਤੇਜ਼ ਤੂਫ਼ਾਨ ਸੰਗਰੂਰ ਵਿੱਚ ਦਰਜ ਕੀਤਾ ਗਿਆ, ਜਿੱਥੇ ਹਵਾਵਾਂ ਦੀ ਰਫ਼ਤਾਰ 111 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 76 ਕਿਲੋਮੀਟਰ ਪ੍ਰਤੀ ਘੰਟਾ ਅਤੇ ਬਠਿੰਡਾ ਵਿੱਚ 57 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵਗੀਆਂ।
ਤੇਜ਼ ਤੂਫ਼ਾਨ ਕਾਰਨ ਕਈ ਥਾਵਾਂ ‘ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਸੂਚਨਾਵਾਂ ਵੀ ਸਾਹਮਣੇ ਆਈਆਂ ਹਨ।
ਲੋਕਾਂ ਲਈ ਅਹਿਮ ਸਲਾਹ
- ਗਰਜ-ਤੂਫ਼ਾਨ ਦੌਰਾਨ ਖੁੱਲ੍ਹੇ ਖੇਤਾਂ ਵਿੱਚ ਨਾ ਰਹੋ।
- ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹੋ।
- ਲੋੜ ਤੋਂ ਬਿਨਾਂ ਯਾਤਰਾ ਕਰਨ ਤੋਂ ਬਚੋ।
- ਮੋਬਾਈਲ ਅਤੇ ਹੋਰ ਬਿਜਲੀ ਉਪਕਰਨਾਂ ਦੀ ਵਰਤੋਂ ਸੰਭਾਲ ਨਾਲ ਕਰੋ।
- ਕਿਸਾਨ ਖੇਤਾਂ ਵਿੱਚ ਕੰਮ ਕਰਦੇ ਸਮੇਂ ਮੌਸਮ ਦੀ ਤਾਜ਼ਾ ਜਾਣਕਾਰੀ ਜ਼ਰੂਰ ਲੈਂਦੇ ਰਹਿਣ।









