ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ 1 ਜੂਨ 2026 ਨੂੰ “ਪੋਲਿਟੀਕਲ ਮੀਮਜ਼ ਐਂਡ ਕੈਰੀਕੇਚਰਜ਼” ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਯੋਗ ਅਗਵਾਈ ਅਤੇ ਸੈਂਟਰ ਫਾਰ ਇੰਟਰਨਲ ਕੁਆਲਿਟੀ ਐਸ਼ੋਰੈਂਸ਼ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਹ ਮੁਕਾਬਲਾ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸੁਖਪਾਲ ਕੌਰ ਦੀ ਨਿਗਰਾਨੀ ਹੇਠ ਹੋਇਆ , ਨਾਲ ਹੀ ਪ੍ਰੋਗਰਾਮ ਦੇ ਕਨਵੀਨਰ ਡਾ. ਗੁਰਜੀਤ ਕੌਰ ਨੇ ਸ੍ਰੀ ਕਮਲਵੀਰ ਸਿੰਘ ਦੇ ਸਹਿਯੋਗ ਨਾਲ ਮੁਕਾਬਲੇ ਦਾ ਸੁਚਾਰੂ ਢੰਗ ਨਾਲ ਆਯੋਜਿਤ ਕੀਤਾ।
ਇਸ ਮੁਕਾਬਲੇ ਵਿੱਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। 30 ਤੋਂ ਵੱਧ ਵਿਦਿਆਰਥੀਆਂ ਨੇ ਸਮਕਾਲੀ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਦੀ ਗੰਭੀਰਤਾ ਨੂੰ ਦਰਸਾਉਂਦੇ ਹੋਏ ਰਾਜਨੀਤੀ ਨਾਲ ਸੰਬੰਧਿਤ ਪੋਸਟਰ ਤਿਆਰ ਕਰਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਲੋਕਤੰਤਰ, ਸ਼ਾਸਨ ਪ੍ਰਬੰਧ, ਚੋਣਾਂ, ਰਾਜਨੀਤਿਕ ਸੰਚਾਰ ਅਤੇ ਜਨਮਤ ਨਿਰਮਾਣ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਆਪਣੀ ਗਹਿਰੀ ਸਮਝ ਨੂੰ ਬਾਖੂਬੀ ਚਿੱਤਰਾਂ ਰਾਹੀਂ ਪੇਸ਼ ਕੀਤਾ। ਜਿੰਨਾਂ ਵਿਚ ਪਹਿਲਾ ਸਥਾਨ ਸਿਮਰਨਜੀਤ ਕੌਰ, ਦੂਜਾ ਸਥਾਨ ਦਮਨਪ੍ਰੀਤ ਕੌਰ ਅਤੇ ਤੀਜਾ ਸਥਾਨ ਜੋਇਨਿਤਾ ਅਗਰਵਾਲ ਨੇ ਹਾਸਿਲ ਕੀਤਾ। ਮੁਕਾਬਲੇ ਵਿਚ ਭਾਗ ਲੈਣ ਵਾਲੇ ਬਾਕੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਮੁਕਾਬਲੇ ਵਿੱਚ ਪ੍ਰਾਪਤ ਹੋਏ ਪੋਸਟਰਾਂ ਦਾ ਮੁਲਾਂਕਣ ਡਾ. ਸੁਖਪਾਲ ਕੌਰ, (ਰਾਜਨੀਤੀ ਸ਼ਾਸਤਰ ਵਿਭਾਗ) , ਡਾ. ਸਤਿੰਦਰ ਕੌਰ (ਇਤਿਹਾਸ ਵਿਭਾਗ) ਅਤੇ ਡਾ. ਕਵਿਤਾ ਸਹਾਰਨ (ਸਮਾਜ ਸ਼ਾਸਤਰ ਵਿਭਾਗ) ਵੱਲੋਂ ਵਿਸ਼ੇ ਨਾਲ ਸੰਬੰਧਿਤ, ਸੰਦੇਸ਼ ਦੀ ਸਪਸ਼ਟਤਾ, ਰਚਨਾਤਮਕਤਾ ਅਤੇ ਸਮੁੱਚੀ ਪੇਸ਼ਕਾਰੀ ਦੇ ਆਧਾਰ ’ਤੇ ਕੀਤਾ ਗਿਆ।
ਇਸ ਸੰਬੰਧੀ ਐਸੋਸੀਏਟ ਡੀਨ ਅਕਾਦਮਿਕ ਮਾਮਲੇ ਡਾ. ਅਮਿਤੋਜ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਰਾਜਨੀਤਿਕ ਜਾਗਰੂਕਤਾ ਨੂੰ ਕਲਾਤਮਕ ਅਤੇ ਨਵੀਨ ਢੰਗ ਨਾਲ ਪ੍ਰਗਟ ਕਰਨ ਲਈ ਇੱਕ ਉੱਤਮ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਅਕਾਦਮਿਕ ਅਤੇ ਸਿਰਜਣਾਤਮਕ ਗਤੀਵਿਧੀਆਂ ਨਾਗਰਿਕ ਚੇਤਨਾ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।









