Home Patiala Updates ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਦੇ ਬਾਹਰ ਨਵੇਂ ਬੱਸ ਸਟਾਪ ਦਾ ਉਦਘਾਟਨ, ਚੇਅਰਮੈਨ...

ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਦੇ ਬਾਹਰ ਨਵੇਂ ਬੱਸ ਸਟਾਪ ਦਾ ਉਦਘਾਟਨ, ਚੇਅਰਮੈਨ ਜੁਨੇਜਾ ਨੇ ਸੇਵਾਦਾਰ ਤੋਂ ਕਰਵਾਈ ਸ਼ੁਰੂਆਤ

0
1

ਪੀ.ਆਰ.ਟੀ.ਸੀ ਚੇਅਰਮੈਨ ਜੁਨੇਜਾ ਦਾ ਵੱਖਰਾ ਅੰਦਾਜ਼, ਸੇਵਾਦਾਰ ਤੋਂ ਕਰਵਾਇਆ ਉਦਘਾਟਨ

ਕਿਹਾ, 9.50 ਰੁਪਏ ਲੱਖ ਦੀ ਲਾਗਤ ਨਾਲ ਨਵੇਂ ਉਸਾਰੇ ਬੱਸ ਸਟਾਪ ਦਾ ਸਵਾਰੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਜਲਦ ਹੀ ਹੋਰ ਬੱਸ ਸਟਾਪ ਵੀ ਲੋਕਾਂ ਨੂੰ ਸਮਰਪਿਤ ਹੋਣਗੇ- ਹਰਪਾਲ ਜੁਨੇਜਾ

ਪਟਿਆਲਾ: ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇਥੇ ਨਾਭਾ ਰੋਡ ‘ਤੇ ਸਥਿਤ ਮੁੱਖ ਦਫ਼ਤਰ ਦੇ ਬਾਹਰ 9.50 ਰੁਪਏ ਲੱਖ ਦੀ ਲਾਗਤ ਨਾਲ ਨਵੇਂ ਬਣਾਏ ਬੱਸ ਸਟਾਪ ਦਾ ਉਦਘਾਟਨ ਇੱਕ ਸੇਵਾਦਾਰ ਤੋਂ ਕਰਵਾਇਆ।

ਇਸ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਭਾਵੇਂ ਪੀਆਰਟੀਸੀ ਦੇ ਕਰਮਚਾਰੀ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਉਨ੍ਹਾਂ ਲਈ ਸਾਰੇ ਕਰਮਚਾਰੀ ਇਕਸਾਰ ਹਨ। ਅੱਜ ਦਾ ਇਹ ਉਪਰਾਲਾ ਇਸੇ ਸੋਚ ਦਾ ਪ੍ਰਤੀਕ ਹੈ ਅਤੇ ਅਦਾਰੇ ਦੇ ਇੱਕ ਸੇਵਾਦਾਰ ਨੇ ਇਸ ਨਵੇਂ ਬੱਸ ਸਟਾਪ ਦਾ ਉਦਘਾਟਨ ਕੀਤਾ ਹੈ ਅਤੇ ਸਾਰੇ ਕਰਮਚਾਰੀਆਂ ਦੀ ਬਰਾਬਰੀ ਅਤੇ ਸਨਮਾਨ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ।

ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਨਾਭਾ, ਮਲੇਰਕੋਟਲਾ ਤੇ ਅੱਗੇ ਜਾਣ ਵਾਲੀਆਂ ਸਵਾਰੀਆਂ ਨੂੰ ਬਰਸਾਤ, ਗਰਮੀ ਦੇ ਮੌਸਮ ਤੋਂ ਬਚਾਉਣ ਲਈ 9.50 ਰੁਪਏ ਲੱਖ ਦੀ ਲਾਗਤ ਨਾਲ ਇਸ ਨਵਾਂ ਬੱਸ ਸਟਾਪ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਆਰ.ਟੀ.ਸੀ. ਦੀ ਤਰੱਕੀ ਅਤੇ ਬਿਹਤਰੀ ਲਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਲੋਕ-ਹਿਤੈਸ਼ੀ ਅਤੇ ਕਰਮਚਾਰੀ-ਪੱਖੀ ਉਪਰਾਲੇ ਜਾਰੀ ਰਹਿਣਗੇ।

ਜੁਨੇਜਾ ਨੇ ਦੱਸਿਆ ਕਿ ਇਹ ਬੱਸ ਸਟਾਪ ਸਵਾਰੀਆਂ, ਯਾਤਰੀਆਂ ਦੇ ਆਰਾਮ, ਸੁਰੱਖਿਆ ਅਤੇ ਸਹੂਲਤ ਨੂੰ ਤਰਜੀਹ ਦਿੰਦੇ ਹੋਏ ਇੱਕ ਬਹੁਤ ਹੀ ਆਧੁਨਿਕ ਆਵਾਜਾਈ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸਵਾਰੀਆਂ/ਯਾਤਰੀਆਂ ਲਈ ਬੈਠਣ ਵਾਲੇ ਗਰੈਨਾਈਟ ਅਤੇ ਸਟੇਨਲੈਸ ਸਟੀਲ ਬੈਂਚ, ਬੱਸ ਸਟਾਪ ਦੀ ਪਛਾਣ ਲਈ ਡਿਜੀਟਲ ਸਾਈਨੇਜ ਬੋਰਡ, ਸਵਾਰੀਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਐਲ.ਈ.ਡੀ. ਲਾਈਟਾਂ, ਪੱਖੇ ਆਦਿ ਮੁਹੱਈਆ ਕਰਵਾਏ ਗਏ ਹਨ।

ਐਡਵੋਕੇਟ ਹਰਪਾਲ ਜੁਨੇਜਾ ਚੇਅਰਮੈਨ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵੱਲੋਂ ਨਿੱਜੀ ਕੰਪਨੀਆਂ ਅਤੇ ਐਨ.ਜੀ.ਓਜ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਸਵਾਰੀਆਂ ਦੀ ਸਹੂਲਤ ਲਈ ਬੱਸ ਸਟਾਪਾਂ ਦੀ ਉਸਾਰੀ ਜਲਦ ਹੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਮੁੱਖ ਦਫ਼ਤਰ ਪਟਿਆਲਾ ਦੀ ਜ਼ਮੀਨ ‘ਤੇ ਆਈ.ਓ.ਸੀ.ਐਲ. ਵੱਲੋਂ ਰਿਟੇਲ ਪੈਟਰੋਲੀਅਮ ਆਊਟਲੈੱਟ ਸਥਾਪਿਤ ਕੀਤਾ ਜਾਵੇਗਾ, ਇਸ ਨਾਲ ਪੀ.ਆਰ.ਟੀ.ਸੀ. ਨੂੰ ਅੰਦਾਜ਼ਨ 80.00 ਲੱਖ ਦੀ ਸਾਲਾਨਾ ਆਮਦਨ ਹੋਵੇਗੀ।

ਉਨ੍ਹਾਂ ਹੋਰ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਪੀ.ਆਰ.ਟੀ.ਸੀ. ਦੇ ਵੱਖ-ਵੱਖ ਅਦਾਰਿਆਂ ਵਿੱਚ 785 ਕਿਲੋਵਾਟ ਦੇ ਸੋਲਰ ਰੂਫਟਾਪ ਪਲਾਂਟ ਸਥਾਪਿਤ ਕੀਤੇ ਜਾਣੇ ਹਨ ਜਿਸ ਨਾਲ ਪੀ.ਆਰ.ਟੀ.ਸੀ ਨੂੰ ਅੰਦਾਜਨ ਸਾਲਾਨਾ 97 ਲੱਖ ਰੁਪਏ ਬਿਜਲੀ ਦੇ ਖਰਚੇ ਦੀ ਬਚਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਵੱਲੋਂ ਪੁਰਾਣੇ ਬੱਸ ਸਟੈਂਡ ਪਟਿਆਲਾ, ਨਵੇਂ ਬੱਸ ਸਟੈਂਡ ਪਟਿਆਲਾ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਜਲਦ ਹੀ ਵੇਰਕਾ ਬੂਥ ਵੀ ਸਥਾਪਿਤ ਕੀਤੇ ਜਾਣਗੇ।ਜਦੋਂ ਕਿ ਪੁਰਾਣੇ ਬੱਸ ਸਟੈਂਡ ਪਟਿਆਲਾ ਦੀ ਮੌਜੂਦਾ ਜਮੀਨ ਵਿੱਚ 1.50 ਏਕੜ ਜਗ੍ਹਾ ਉੱਪਰ ਬੱਸ ਸਟੈਂਡ ਦੀ ਉਸਾਰੀ ਅਤੇ ਬਾਕੀ ਰਹਿੰਦੀ ਜਮੀਨ ਨੂੰ ਕਮਰਸ਼ੀਅਲਾਈਜ਼ ਕਰਨ ਸਬੰਧੀ ਕਾਰਵਾਈ ਸਰਕਾਰ ਪੱਧਰ ‘ਤੇ ਅਰੰਭੀ ਹੋਈ ਹੈ।

ਇਸ ਮੌਕੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ, ਏ ਐਮ ਡੀ ਨਵਦੀਪ ਕੁਮਾਰ ਤੇ ਪੀ.ਆਰ.ਟੀ.ਸੀ. ਦੇ ਡਾਇਰੈਕਟਰਾਂ ਸਮੇਤ ਜਨਰਲ ਮੈਨੇਜਰਜ ਇੰਜ. ਜਤਿੰਦਰਪਾਲ ਸਿੰਘ ਗਰੇਵਾਲ, ਮਨਿੰਦਰਪਾਲ ਸਿੰਘ ਸਿੱਧੂ, ਪ੍ਰਵੀਨ ਕੁਮਾਰ, ਰਮਨ ਸ਼ਰਮਾ, ਅਮਨਵੀਰ ਸਿੰਘ ਟਿਵਾਣਾ ਤੇ ਪ੍ਰਵੀਨ ਸ਼ਰਮਾ ਵੀ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here